ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਮ ਦੇ ਪ੍ਰਧਾਨ ਜਗਮੀਤ ਸਿੰਘ ਡੱਲੇਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਜਗਮੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਝੋਨੇ ਦੀ ਫ਼ਸਲ ਵੱਢਣ ਤੋਂ ਬਾਅਦ ਪਰਾਲੀ ਨੂੰ ਸਾੜਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਆਲੂ ਦੀ ਬਿਜਾਈ ਦੇ 5-7 ਦਿਨ ਰਹਿ ਗਏ ਹਨ ਪਰ ਪਰਾਲੀ ਮਿੱਟੀ 'ਚ ਰਲਣ ਲਈ ਇੱਕ ਮਹੀਨੇ ਦਾ ਸਮਾ ਲੈਂਦੀ ਹੈ ਜੋ ਕਿ ਕਿਸਾਨਾਂ ਕੋਲ ਨਹੀਂ ਹੈ, ਇਸ ਕਰਕੇ ਉਨ੍ਹਾਂ ਨੂੰ ਪਰਾਲੀ ਸਾੜਨੀ ਹੀ ਪਵੇਗੀ।
ਡੱਲੇਵਾਲ ਨੇ ਕਿਹਾ ਕਿ ਪਰਾਲੀ ਨੂੰ ਖ਼ੁਰਦ-ਬੁਰਦ ਕਰਨ ਤੇ ਕਿਸਾਨਾਂ ਦਾ ਖ਼ਰਚਾ ਜ਼ਿਆਦਾ ਆਉਂਦਾ ਹੈ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘੱਟ ਤੋਂ ਘੱਟ ਦੋ ਸੌ ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਬੋਨਸ ਦੇਣ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੇਂਦਰ ਦੇ ਸਾਹਮਣੇ ਕਿਸਾਨਾਂ ਦੇ ਲਈ ਸਿਰਫ਼ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈਸੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ।