ਚੰਡੀਗੜ੍ਹ: ਪੰਜਾਬ ਵਿੱਚ ਡੇਅਰੀ ਫਾਰਮਿੰਗ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਪਰ ਇੰਨ੍ਹੀਂ ਦਿਨੀਂ ਇਸ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਸ਼ੂਆਂ ਨਾਲ ਸਬੰਧਿਤ ਹਰ ਚੀਜ਼ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ ਪਰ ਦੁੱਧ ਦੀ ਕੀਮਤ ਉਸੇ ਤਰ੍ਹਾਂ ਨਾ ਵਧਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੇਅਰੀ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜ਼ਬੂਰ ਹੋਣਾ ਪਿਆ: ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ.ਏ.) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਸਬੰਧੀ ਵਿਭਾਗ ਨਾਲ ਸਬੰਧਤ ਮੰਤਰੀ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਹਨ ਪਰ ਉਸ ਗੱਲਬਾਤ ਦਾ ਕੋਈ ਹੱਲ ਨਹੀਂ ਨਿੱਕਲਿਆ, ਜਿਸ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹਨ ਉਨ੍ਹਾਂ ਕਿਹਾ ਕਿ 21 ਮਈ ਨੂੰ ਉਹ ਸਾਰੇ ਮੁਹਾਲੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕਿਸਾਨ ਅੰਦੋਲਨ ਦੀ ਤਰ੍ਹਾਂ ਸਿੰਘੂ ਬਾਰਡਰ ਵਾਂਗ ਆਪਣੇ ਅੰਦੋਲਨ ਨੂੰ ਬਹੁਤ ਵੱਡੇ ਪੱਧਰ 'ਤੇ ਅੱਗੇ ਵਧਾਉਣਗੇ ਅਤੇ ਇਸ ਦੀ ਰੂਪ-ਰੇਖਾ ਵੀ 21 ਮਈ ਨੂੰ ਮੋਹਾਲੀ ਵਿਖੇ ਪ੍ਰਦਰਸ਼ਨ 'ਚ ਸਾਰਿਆਂ ਨੂੰ ਦੱਸੀ ਜਾਵੇਗੀ।
ਦੁੱਧ ਦਾ ਭਾਅ ਨਹੀਂ ਵਧਿਆ, ਖਰਚ ਹੋਇਆ ਦੁੱਗਣਾ ਭਾਅ: ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਦੁੱਧ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਜਦਕਿ ਪਸ਼ੂਆਂ ਨੂੰ ਦਿੱਤੇ ਜਾਣ ਵਾਲੇ ਚਾਰੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਲਗਭਗ 2 ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੋਇਆਬੀਨ ਦਾ ਭਾਅ 3200 ਤੋਂ 10,000 ਤੱਕ ਪਹੁੰਚ ਗਿਆ। ਅਜੇ ਵੀ ਸੋਇਆਬੀਨ ਦਾ ਭਾਅ 6500 ਰੁਪਏ ਪ੍ਰਤੀ ਕੁਇੰਟਲ ਹੈ। ਸਰ੍ਹੋਂ ਦਾ ਭਾਅ 1700 ਤੋਂ ਵਧ ਕੇ 3500 ਹੋ ਗਿਆ। ਪਸ਼ੂ ਬੀਜ 2600 ਤੋਂ 4700 ਤੱਕ ’ਤੇ ਪਹੁੰਚ ਗਿਆ ਹੈ। ਮੱਕੀ 1400 ਤੋਂ 2500 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਤੂੜੀ ਦੀ ਕੀਮਤ ਵੀ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰ ਚੀਜ਼ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਪਰ ਦੁੱਧ ਦੀ ਕੀਮਤ ਨਹੀਂ ਵਧੀ। ਕਿਸਾਨ ਇਸ ਤਰ੍ਹਾਂ ਕਿਵੇਂ ਬਚ ਸਕਦਾ ਹੈ? ਇਨ੍ਹਾਂ ਹਾਲਾਤਾਂ ਵਿੱਚ ਪਸ਼ੂਆਂ ਨੂੰ ਚਾਰਾ ਪਾਉਣਾ ਵੀ ਮੁਸ਼ਕਲ ਹੋ ਰਿਹਾ ਹੈ।