ਚੰਡੀਗੜ੍ਹ : ਅਜੋਕੇ ਡਿਜੀਟਲ ਯੁੱਗ ਵਿੱਚ ਸਾਈਬਰ ਖ਼ਤਰੇ ਦਾ ਸਾਹਮਣਾ ਕਰ ਰਹੇ ਸਮਾਜ ਦੀ ਸਹੂਲਤ ਲਈ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਕੌਮਾਂਤਰੀ ਬਾਲ ਦਿਵਸ, ਜੋ ਹਰ ਸਾਲ 20 ਨਵੰਬਰ ਨੂੰ ਮਨਾਇਆ ਜਾਂਦਾ ਹੈ ਮੌਕੇ ਸੂਬੇ ਵਿੱਚ ਤਿੰਨ ਮਹੀਨੇ ਚੱਲਣ ਵਾਲੀ “ਸਾਈਬਰ ਸੁਰੱਖਿਆ’’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ ਸੂਬਾਈ ਸਰਕਾਰ ਵੱਲੋਂ ਪੁਰਸਕਾਰ ਜੇਤੂ ਸਿਵਲ ਸੁਸਾਇਟੀ ਸੰਸਥਾ ਅਤੇ ਸਾਈਬਰ ਸੁਰੱਖਿਆ ਅਤੇ ਨੀਤੀ ਮਾਹਿਰਾਂ ਦੇ ਇਕ ਸਮੂਹ ਸਾਈਬਰਪੀਸ ਫਾਊਂਡੇਸ਼ਨ (ਸੀਪੀਐਫ) ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਚਲਾਈ ਗਈ ਹੈ।
ਡੀਜੀਪੀ ਦਿਨਕਰ ਗੁਪਤਾ ਦੀ ਮੌਜੂਦਗੀ ਵਿੱਚ ਇਸ ਮੁਹਿੰਮ ਦਾ ਆਗ਼ਾਜ਼ ਕਰਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਐਨ.ਸੀ.ਆਰ.ਬੀ. ਦੇ ਤਾਜਾ ਅੰਕੜਿਆਂ ਅਨੁਸਾਰ ਸਾਲ 2019 ਵਿੱਚ 28,000 ਤੋਂ ਵੱਧ ਸਾਈਬਰ ਅਪਰਾਧ ਦਰਜ ਹੋਏ। ਉਨ੍ਹਾਂ ਕਿਹਾ ਕਿ ਸਿਰਫ਼ ਡਿਜੀਟਲ ਜਾਣਕਾਰੀ ਦੀ ਘਾਟ ਕਾਰਨ ਆਪਣੇ ਬੈਂਕ ਖਾਤਿਆਂ ’ਚੋਂ ਮਿਹਨਤ ਨਾਲ ਕਮਾਏ ਪੈਸੇ ਗੁਆਉਣ ਦੇ ਜੋਖ਼ਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਬਹੁਤ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਔਰਤਾਂ ਅਤੇ ਬੱਚਿਆਂ ਨੂੰ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਿਆਂ ਨਿੱਜਤਾ ਨੂੰ ਯਕੀਨੀ ਬਣਾਉਣ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਆਨਲਾਈਨ ਜਾਲਸਾਜ਼ੀਆਂ ਤੋਂ ਸੁਰੱਖਿਅਤ ਰਹਿਣ ਦੇ ਢੰਗਾਂ ਅਤੇ ਲੋੜ ਪੈਣ ਉਤੇ ਸਹਾਇਤਾ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਪਹੁੰਚ ਕਰਨ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗੀ। ਵਿਨੀ ਮਹਾਜਨ ਨੇ ਪੰਜਾਬ ਪੁਲਿਸ ਅਤੇ ਸਾਈਬਰਪੀਸ ਫਾਊੁਂਡੇਸ਼ਨ ਨੂੰ ਲੋਕਾਂ ਦੀ ਭਲਾਈ ਵਾਸਤੇ ਇਸ ਸਾਂਝੇ ਉਪਰਾਲੇ ਲਈ ਵਧਾਈ ਦਿੱਤੀ।