ਚੰਡੀਗੜ੍ਹ: ਆਈਏਐਸ ਅਧਿਕਾਰੀ ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ ਹੈ। 1987 ਬੈਚ ਦੀ ਆਈ.ਏ.ਐਸ. ਅਧਿਕਾਰੀ ਵਿਨੀ ਮਹਾਜਨ ਨੂੰ ਇਸ ਅਹੁਦੇ 'ਤੇ ਕਰਨ ਅਵਤਾਰ ਸਿੰਘ ਦੀ ਥਾਂ 'ਤੇ ਲਿਆਇਆ ਗਿਆ ਹੈ।
ਸੀਐੱਸ ਵਿਨੀ ਮਹਾਜਨ 'ਤੇ ਭੱਖੀ ਸਿਆਸਤ ਵਿਨੀ ਮਹਾਜਨ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ 'ਤੋ ਬਾਅਦ ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼ ਹੋ ਗਈ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਪੰਜਾਬ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਵੀ ਕੈਪਟਨ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਸੁਖਪਾਲ ਖਹਿਰਾ ਨੇ ਕਿਹਾ ਕਿ 5 ਸੀਨੀਅਰ ਅਧਿਕਾਰੀਆਂ ਨੂੰ ਅਣਦੇਖਾ ਕਰਕੇ ਵਿਨੀ ਮਹਾਜਨ ਨੂੰ ਇਹ ਅਹੁਦਾ ਦਿੱਤਾ ਗਿਆ ਹੈ।
ਇਸ ਮਾਮਲੇ ਨੂੰ ਧਰਮ ਨਾਲ ਜੋੜਦੇ ਹੋਏ ਸੁਖਪਾਲ ਖਹਿਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਸੀਐੱਸ ਤੇ ਡੀਜੀਪੀ ਦੇ ਅਹੁਦੇ 'ਤੇ ਕੋਈ ਵੀ ਸਿੱਖ ਅਧਿਕਾਰੀ ਨਿਯੁਕਤ ਨਹੀਂ ਹੈ। ਜਾਣਕਾਰੀ ਲਈ ਦੱਸ ਦਈਏ ਕਿ ਵਿਨੀ ਮਹਾਜਨ ਸੂਬੇ ਵਿੱਚੋਂ ਇਕੋ-ਇੱਕ ਪੰਜਾਬ ਕਾਡਰ ਦੇ ਮੌਜੂਦਾ ਅਫਸਰ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਵਿੱਚ ਬਤੌਰ ਸਕੱਤਰ ਵਜੋਂ ਅਪੈਨਲ ਕੀਤਾ ਗਿਆ।
ਵਿਨੀ ਮਹਾਜਨ ਜਿਥੇ ਰਾਜ ਦੇ ਸਮੁੱਚੇ ਪ੍ਰਬੰਧਕੀ ਸਿਸਟਮ ਦੀ ਜ਼ਿੰਮੇਵਾਰੀ ਸੰਭਾਲਣਗੇ, ਉਥੇ ਹੀ ਉਨ੍ਹਾਂ ਦੇ ਪਤੀ ਡੀਜੀਪੀ ਦਿਨਕਰ ਗੁਪਤਾ ਰਾਜ ਵਿੱਚ ਪੂਰੇ ਕਾਨੂੰਨ ਵਿਵਸਥਾ ਦਾ ਪ੍ਰਬੰਧਨ ਕਰ ਰਹੇ ਹਨ। ਯਾਨੀ ਪਹਿਲੀ ਵਾਰ ਕਿਸੇ ਜੋੜੀ ਨੂੰ ਪੰਜਾਬ ਚਲਾਉਣ ਦੀ ਜ਼ਿੰਮੇਵਾਰੀ ਹਾਸਲ ਹੋਈ ਹੈ।