ਚੰਡੀਗੜ੍ਹ: ਪੰਜਾਬ ’ਚ ਬਿਜਲੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਵਿਰੋਧੀ ਪਾਰਟੀਆਂ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਬਿਜਲੀ ਮਾਮਲੇ ਨੂੰ ਲੈ ਕੇ ਲਗਾਤਾਰ ਘੇਰਿਆ ਜਾ ਰਿਹਾ ਹੈ। ਇੱਕ ਪਾਸੇ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨ ਨੂੰ ਲੈ ਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨੇ ਸਾਧ ਰਹੇ ਹਨ। ਉੱਥੇ ਹੀ ਆਰਟੀਆਈ ਰਾਹੀਂ ਇੱਕ ਨਵਾਂ ਖੁਲਾਸਾ ਹੋਇਆ ਜਿਸ ਨਾਲ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਇਨ੍ਹਾਂ ਕੰਪਨੀਆਂ ਨੇ ਦਿੱਤਾ ਪਾਰਟੀ ਫੰਡ
ਆਰਟੀਆਈ ਵੱਲੋਂ ਖੁਲਾਸਾ ਹੋਇਆ ਹੈ ਕਿ ਬਿਜਲੀ ਕੰਪਨੀਆਂ ਨੇ ਕਾਂਗਰਸ ਨੂੰ ਕਰੋੜਾਂ ਦਾ ਪਾਰਟੀ ਫੰਡ ਦਿੱਤਾ ਗਿਆ। ਦੱਸ ਦਈਏ ਕਿ ਲਾਰਸਨ ਐਂਡ ਟੁਰਬੋ ਕੰਪਨੀ ਵੱਲੋਂ ਕਾਂਗਰਸ ਹਾਈਕਮਾਨ ਨੂੰ 8.25 ਕਰੋੜ ਰੁਪਏ ਪਾਰਟੀ ਫੰਡ ਦਿੱਤਾ ਗਿਆ ਜਦਕਿ ਵੇਦਾਂਤਾ ਗਰੁੱਪ ਵੱਲੋਂ 7 ਕਰੋੜ ਰੁਪਏ ਅਤੇ ਜੀਵੀਕੇ ਗਰੁੱਪ ਵੱਲੋਂ ਦੱਸ ਲੱਖ ਰੁਪਏ ਪਾਰਟੀ ਫੰਡ ਦਿੱਤਾ ਗਿਆ। ਇਸ ਖੁਲਾਸੇ ਤੋਂ ਬਾਅਦ ਸਿਆਸਤ ਕਾਫੀ ਤੇਜ਼ ਹੋ ਗਈ ਹੈ।