ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਸਬੰਧੀ ਦੇਸ਼ ਵਾਸੀਆਂ ਨੂੰ ਇੱਕ ਵੀਡੀਓ ਸੰਦੇਸ਼ ਰਾਹੀ 5 ਅਪ੍ਰੈਲ ਨੂੰ ਰਾਤੀਂ 9 ਵਜੇਂ ਘਰ ਦੀ ਬਿਜਲੀ ਬੰਦ ਕਰਕੇ ਦੀਵੇ ਬਾਲਣ ਦੀ ਗੱਲ ਆਖੀ ਗਈ ਹੈ। ਇਸ ਬਾਰੇ ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੋਟਕਪੂਰਾ ਤੋਂ ਵਿਧਾਇਕ ਅਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਮਬਤੀਆਂ ਜਗਾਉਣ ਦੇ ਸੰਦੇਸ਼ 'ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਅੱਜ ਜਦੋਂ ਲੌਕਡਾਊਨ ਕਰਕੇ ਆਮ ਲੋਕ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਚਿੰਤਤ ਹਨ, ਉਸ ਵੇਲੇ ਪ੍ਰਧਾਨ ਮੰਤਰੀ ਵੱਲੋਂ ਥਾਲੀਆਂ ਵਜਾਉਣ ਅਤੇ ਮੋਮਬਤੀਆਂ ਜਗਾਉਣ ਵਰਗੇ ਜੁਮਲਾ ਵਿਸ਼ਵ ਪੱਧਰ 'ਤੇ ਭਾਰਤੀਆਂ ਲਈ ਨਮੋਸ਼ੀ ਦਾ ਕਾਰਨ ਬਣ ਰਹੇ ਹਨ।
ਕੋਵਿਡ-19: ਕੁਲਤਾਰ ਸੰਧਵਾਂ ਨੇ ਮੋਦੀ ਤੇ ਕੈਪਟਨ ਦੀ ਕਾਰਜਸ਼ੈਲੀ 'ਤੇ ਚੁੱਕੇ ਸਵਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਸਬੰਧੀ ਦੇਸ਼ ਵਾਸੀਆਂ ਨੂੰ ਇੱਕ ਵੀਡੀਓ ਸੰਦੇਸ਼ ਰਾਹੀ 5 ਅਪ੍ਰੈਲ ਨੂੰ ਰਾਤੀਂ 9 ਵਜੇਂ ਘਰ ਦੀ ਬਿਜਲੀ ਬੰਦ ਕਰਕੇ ਦੀਵੇ ਬਾਲਣ ਦੀ ਗੱਲ ਆਖੀ ਗਈ ਹੈ।
ਇਸ ਦੇ ਨਾਲ ਹੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਆਇਸੋਲੇਟਡ ਵਾਰਡ 'ਚੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਨ 'ਤੇ ਕੀਤੀ ਗੱਲਬਾਤ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ ਦਿੱਤੀ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਦੇ ਇਸ ਸਕੰਟ ਨਾਲ ਨਜਿੱਠਣ ਲਈ ਪ੍ਰਬੰਧਾਂ 'ਤੇ ਵੀ ਸਵਾਲ ਚੁੱਕਦਿਆਂ ਆਮ ਲੋਕਾਂ ਨੂੰ ਆਖਿਆ ਕਿ ਉਹ ਇਸ ਮਹਾਮਾਰੀ ਤੋਂ ਬਚਣ ਲਈ ਹਰ ਹਾਲ ਆਪਣੇ ਘਰਾਂ 'ਚ ਹੀ ਰਹਿਣ ਕਿਉਂਕਿ ਕੈਪਟਨ ਸਰਕਾਰ ਕੋਲ ਇਸ ਦੇ ਉਪਚਾਰ ਲਈ ਕੋਈ ਮੁਢਲਾ ਪ੍ਰਬੰਧ ਵੀ ਨਹੀਂ ਹੈ।
ਸੰਧਵਾਂ ਨੇ ਇੱਕ ਹੋਰ ਦੁਖਦਾਇਕ ਪਹਿਲੂ ਉਠਾਉਂਦਿਆਂ ਕਿਹਾ ਕਿ ਜ਼ਰੂਰੀ ਉਪਕਰਨਾਂ ਦੀ ਘਾਟ ਸਦਕਾ ਕਈ ਥਾਵਾਂ 'ਤੇ ਸਿਹਤ ਅਮਲੇ ਵੱਲੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਅਤੇ ਸਾਂਭ ਸੰਭਾਲ ਪ੍ਰਤੀ ਅਣਗਹਿਲੀ ਵਰਤੀ ਜਾ ਰਹੀ ਹੈ, ਜੋ ਕਿ ਬੇਹਦ ਮਾੜਾ ਰੁਝਾਨ ਹੈ, ਇਸ ਲਈ ਸਰਕਾਰ ਹਸਪਤਾਲਾਂ ਵਿੱਚ ਸਿਹਤ ਅਮਲੇ ਲਈ ਢੁਕਵੀਆਂ ਨਿੱਜੀ ਬਚਾਅ ਕਿੱਟਾਂ, ਮਰੀਜ਼ਾਂ ਲਈ ਵੈਂਟੀਲੇਟਰ ਅਤੇ ਮਰੀਜ਼ਾਂ ਦੇ ਇਲਾਜ ਦੌਰਾਨ ਮਰੀਜ਼ਾਂ ਦਾ ਮਨੋਬਲ ਕਾਇਮ ਰੱਖਣ ਲਈ ਮਨੋਵਿਗਿਆਨਕ ਕੌਂਸਲਿੰਗ ਲਈ ਕਦਮ ਉਠਾਉਣ ਲਈ ਸੁਹਿਰਦ ਹੋਵੇ।