ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੰਡੀਗੜ੍ਹ 'ਚ ਪ੍ਰੈਸ ਕਾਨਫ਼ਰੰਸ ਕੀਤੀ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵਿਦੇਸ਼ ਤੋਂ ਆਏ 335 ਲਾਪਤਾ ਮੁਸਾਫਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਦੇ ਸਬੰਧ ਵਿੱਚ ਇਹ ਪ੍ਰੈਸ ਵਾਰਤਾ ਕੀਤੀ ਗਈ।
ਇਸ ਪ੍ਰੈਸ ਕਾਨਫ਼ਰੰਸ ਵਿੱਚ ਸਿੱਧੂ ਨੇ ਦੱਸਿਆ ਪੰਜਾਬ ਸਰਕਾਰ ਨੇ 31 ਮਾਰਚ ਤੱਕ ਸਾਰੇ ਸਿਨੇਮਾ, ਜਿੰਮ, ਸਵੀਮਿੰਗ ਪੂਲ, ਖੇਡ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮਾਂ 'ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ।
ਪ੍ਰੈਸ ਵਾਰਤਾ ਵਿੱਚ ਬਲਬੀਰ ਸਿੱਧੂ ਨੇ ਇਹ ਸਾਰੇ ਆਦੇਸ਼ ਅੱਜ ਰਾਤ ਤੋਂ ਲਾਗੂ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋਟਲ ਅਤੇ ਰੈਸਟੋਰੈਂਟ ਨਹੀਂ ਬੰਦ ਹੋਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ 31 ਮਾਰਚ ਤੱਕ PTU ਅਧੀਨ ਆਉਂਦੀਆਂ ਸਾਰੀਆਂ ਯੂਨੀਵਰਿਸਟੀਆਂ, ਇੰਜੀਨਿਅਰਿੰਗ ਕਾਲਜ ਅਤੇ ਪ੍ਰਾਈਵੇਟ ਸਰਕਾਰੀ ITI ਬੰਦ ਕਰਨ ਦਾ ਐਲਾਨ ਕੀਤਾ ਹੈ।