ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਖ਼ਿਲਾਫ਼ ਚੁੱਕੇ ਜਾ ਰਹੇ ਕਦਮਾਂ ਅਤੇ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਕ ਬਿਆਨ ਵਿੱਚ ਕੋਰੋਨਾ ਮਹਾਂਮਾਰੀ ਖ਼ਿਲਾਫ਼ ਪੰਜਾਬ ਸਰਕਾਰ ਦੇ ਪ੍ਰਬੰਧਾਂ ਨੂੰ ਨਾਕਾਫੀ ਦੱਸਿਆ ਹੈ।ਆਪਣੇ ਬਿਆਨ ਵਿੱਚ ਅਕਾਲੀ ਦਲ ਤੇ ਖ਼ਾਸ ਕਰ ਬਾਦਲ ਪਰਿਵਾਰ ਵੱਲੋਂ ਇਸ ਸੰਕਟ ਸਮੇਂ ਕੀਤੀ ਜਾ ਰਹੀ ਸਿਆਸਤ 'ਤੇ ਬਾਦਲ ਪਰਿਵਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਇਸ ਨਾਲ ਹੀ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਅਤੇ ਨਖਿੱਧ ਲੀਡਰਸ਼ਿਪ ਕਾਰਨ ਕੋਰੋਨਾ ਵਿਰੁੱਧ ‘ਆਪ੍ਰੇਸ਼ਨ ਫ਼ਤਿਹ’ ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ ਬਣ ਗਿਆ ਹੈ।
ਚੰਡੀਗੜ੍ਹ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਟਾਈਮ ਸ਼ੈਲੀ (ਆਰਜ਼ੀ ਢੰਗ) ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਾਂਗਰਸ ਲੀਡਰਸ਼ਿਪ ਅਤੇ ਉੱਚ-ਪ੍ਰਸ਼ਾਸਨਿਕ ਅਧਿਕਾਰੀ ਕੋੋਰੋਨਾ ਵਿਰੁੱਧ ਲੜਨ ਦੇ ਦਾਅਵੇ ਕਰ ਰਹੇ ਹਨ, ਉਹ ਜ਼ਮੀਨੀ ਹਕੀਕਤ ਸਾਹਮਣੇ ਲਗਾਤਾਰ ਫ਼ੇਲ੍ਹ ਅਤੇ ਫਲਾੱਪ ਹੋ ਰਹੇ ਹਨ। ਨਤੀਜਣ ਸਵਾ ਮਹੀਨੇ ਦੇ ਕਰਫ਼ਿਊ ਦੇ ਬਾਵਜੂਦ ਪੰਜਾਬ ਅੰਦਰ ਕੋਰੋਨਾ ਵਾਇਰਸ ਵਧਦਾ-ਫੈਲਦਾ ਹੀ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਤਰਨਤਾਰਨ ‘ਚ ਖਟਾਰਾ ਐਂਬੂਲੈਂਸ ਅਤੇ ਪੰਜਾਬ ਭਰ ਦੇ ਹਸਪਤਾਲਾਂ ਅਤੇ ਨਿਹੱਥੇ ਲੜਾਈ ਲੜ ਰਹੇ ਡਾਕਟਰਾਂ ਨੇ ਸਰਕਾਰ ਦੀ ਪੂਰੀ ਤਰਾਂ ਪੋਲ ਖੋਲ੍ਹ ਦਿੱਤੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਘਰੇ ਹੀ ਦੁਬਕ ਕੇ ਬੈਠ ਗਏ ਹਨ, ਜਦਕਿ ਉਨ੍ਹਾਂ ਨੂੰ ਇਕੱਲਿਆਂ ਗੱਡੀ ਚਲਾ ਕੇ ਪੂਰੇ ਪੰਜਾਬ ‘ਚ ਪ੍ਰਬੰਧਾਂ ਦੀ ਨਿਗਰਾਨੀ ਕਰਨੀ ਚਾਹੀਦੀ ਸੀ।
ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ‘ਪ੍ਰਵਚਨ’ ਦੇਣ ਤੋਂ ਅੱਗੇ ਕੁੱਝ ਵੀ ਨਹੀਂ ਕਰ ਰਹੀ। ਵਿੱਤੀ ਤੌਰ ‘ਤੇ ਸੂਬਿਆਂ ਦੇ ਬਹੁਗਿਣਤੀ ਸਾਧਨਾਂ-ਸੰਸਾਧਨਾਂ ‘ਤੇ ਕਬਜ਼ਾ ਕਰ ਚੁੱਕੀ ਕੇਂਦਰ ਸਰਕਾਰ ਨੇ ਇਸ ਔਖੀ ਘੜੀ ‘ਚ ਪੰਜਾਬ ਵਰਗੇ ਸੂਬੇ ਦੀ ਵੀ ਅਣਦੇਖੀ ਕਰ ਦਿੱਤੀ ਹੈ, ਜਿਸ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਪੇਟ ਭਰਨ ਲਈ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ।