ਚੰਡੀਗੜ੍ਹ: ਕੋਰੋਨਾ ਵਾਇਰਸ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਹਰ ਰੋਜ਼ ਇਸ ਦੇ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੰਜਾਬ ਵਿੱਚ ਬੀਤੇ ਕੱਲ੍ਹ 8 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 66 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ ਕੁੱਲ 5 ਮੌਤਾਂ ਹੋਈਆਂ ਹਨ। ਸ਼ਨੀਵਾਰ ਨੂੰ ਆਏ 3 ਪੌਜ਼ੀਟਿਵ ਮਾਮਲੇ ਭਾਈ ਨਿਰਮਲ ਸਿੰਘ ਦੇ ਇੱਕ ਸਹਿਯੋਗੀ ਦੇ ਪਰਿਵਾਰਕ ਮੈਂਬਰ ਹਨ। ਭਾਈ ਨਿਰਮਲ ਸਿੰਘ ਖਾਲਸਾ ਦਾ 68 ਸਾਲ ਦੀ ਉਮਰ ’ਚ ਬੀਤੇ ਵੀਰਵਾਰ ਤੜਕੇ 4:30 ਵਜੇ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ 58 ਸਾਲਾ ਸਹਿਯੋਗੀ ਦੇ ਤਿੰਨ ਪਰਿਵਾਰਕ ਮੈਂਬਰ ਕੱਲ੍ਹ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਪੌਜ਼ੀਟਿਵ ਮਾਮਲਿਆਂ ਵਿੱਚ ਭਾਈ ਨਿਰਮਲ ਸਿੰਘ ਦੇ ਸਹਿਯੋਗੀ ਦੀ ਪਤਨੀ, ਪੁੱਤਰ ਅਤੇ ਉਨ੍ਹਾਂ ਦਾ 9 ਸਾਲਾ ਪੋਤਰਾ ਪੌਜ਼ੀਟਿਵ ਪਾਏ ਗਏ ਹਨ।