ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਹਰ ਵਾਰ ਵਧਦੀ ਜਾ ਰਹੀ ਹੈ(count of independent candidates is on increase)। ਪਰ ਜਿਆਦਾਤਰ ਉਮੀਦਵਾਰ ਆਪਣੀਆਂ ਜਮਾਨਤਾਂ ਵੀ ਬਚਾਉਣ ਵਿਚ ਅਸਫਲ ਰਹਿੰਦੇ ਹਨ(candidate loosing security is on increase)।
ਸਿਰਫ ਆਜ਼ਾਦ ਉਮੀਦਵਾਰ ਹੀ ਨਹੀਂ , ਸਗੋਂ ਕੁਛ ਰਾਜਿਸਟਰਡ ਪਾਰਟੀਆਂ ਦੇ ਉਮੀਦਵਾਰ ਵੀ ਪਿਛਲੇ ਕੁਛ ਸਮੇਂ ਤੋਂ ਆਪਣੀਆਂ ਜਮਾਨਤ ਬਚਾ ਸਕਣ ਤੋਂ ਅਸਮਰੱਥ ਹੋ ਰਹੇ ਹਨ। ਜਿਸ ਵਿਚ ਮੁੱਖ ਰੂਪ ਵਿਚ ਖੱਬੇ ਪੱਖੀ ਉਮੀਦਵਾਰਾਂ ਦਾ ਖਾਸ ਜਿਕਰ ਹੈ। ਵਿਧਾਨ ਸਭਾ ਚੋਣਾਂ ’ਚ 1969 ਤੋਂ ਲੈ ਕੇ 2017 ਤੱਕ ਚੋਣ ਮੈਦਾਨ ’ਚ ਕੁੱਦੇ ਕੁੱਲ 8661 ਉਮੀਦਵਾਰਾਂ ’ਚੋਂ 5818 ਉਮੀਦਵਾਰ ਤਾਂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਮਤਲਬ ਕਿ 67.17 ਫ਼ੀਸਦੀ ਦੀ ਜ਼ਮਾਨਤ ਹੀ ਜ਼ਬਤ ਹੋ ਗਈ।
ਸਿਆਸੀ ਪਾਰਟੀਆਂ ਦੇ ਉਮੀਦਵਾਰ-
ਪ੍ਰਾਪਤ ਵੇਰਵਿਆਂ ਅਨੁਸਾਰ ਮੌਜੂਦਾ ਰੁਝਾਨ ਦੇਖੀਏ ਤਾਂ ਅਸੈਂਬਲੀ ਚੋਣਾਂ ’ਚ ਔਸਤਨ 30 ਤੋਂ 35 ਫ਼ੀਸਦੀ ਉਮੀਦਵਾਰ ਹੀ ਆਪਣੀ ਜ਼ਮਾਨਤ ਰਾਸ਼ੀ ਬਚਾਉਣ ਵਿਚ ਸਫਲ ਹੁੰਦੇ ਹਨ। 1969 ਤੋਂ ਲੈ ਕੇ 2017 ਤੱਕ ਅਸੈਂਬਲੀ ਚੋਣਾਂ ਵਿਚ ਕਾਂਗਰਸ ਦੇ 43 ਉਮੀਦਵਾਰਾਂ, ਸ਼੍ਰੋਮਣੀ ਅਕਾਲੀ ਦਲ ਦੇ 65 ਉਮੀਦਵਾਰਾਂ ਅਤੇ ਭਾਜਪਾ ਦੇ 110 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਚੁੱਕੀ ਹੈ। ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ 1957 ਤੋਂ ਹੁਣ ਤੱਕ 4384 ’ਚੋਂ 4098 ਉਮੀਦਵਾਰਾਂ (93.47 ਫ਼ੀਸਦੀ) ਦੀ ਜ਼ਮਾਨਤ ਜ਼ਬਤ ਹੋਈ ਹੈ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੀ ਪੀ ਆਈ ਦੇ 23 ਅਤੇ ਸੀ ਪੀ ਐਮ ਦੇ 12 ਉਮੀਦਵਾਰਾਂ ਨੇ ਚੋਣ ਲੜੀ , ਪਰ ਕੋਈ ਵੀ ਆਪਣੀ ਜਮਾਨਤ ਰਾਸ਼ੀ ਨਹੀਂ ਬਚਾ ਸਕਿਆ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੀ ਪੀ ਆਈ ਦੇ 14 ਉਮੀਦਵਾਰਾਂ ਨੇ ਚੋਣ ਲੜੀ , ਜਿਸ ਵਿਚ 13 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। ਸੀ ਪੀ ਐਮ ਦੇ 9 ਉਮੀਦਵਾਰਾਂ ਨੇ ਚੋਣ ਲੜੀ ਅਤੇ ਸਾਰੇ ਹੀ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਸਾਲ 2007 ਵਿਚ ਵੀ ਸੀ ਪੀ ਆਈ ਦੇ 25 ਅਤੇ ਸੀ ਪੀ ਐਮ ਦੇ 14 ਉਮੀਦਵਾਰਾਂ ਨੇ ਚੋਣ ਲੜੀ , ਪਰ ਕੋਈ ਵੀ ਉਮੀਦਵਾਰ ਆਪਣੀ ਜਮਾਨਤ ਰਾਸ਼ੀ ਨਹੀਂ ਬਚਾ ਸਕਿਆ।
ਸਿਆਸੀ ਮਾਹਿਰਾਂ ਅਨੁਸਾਰ ਅਸਲ ਵਿਚ ਚੋਣ ਮੈਦਾਨ ’ਚ ਬਹੁਤੇ ਗੈਰ-ਸੰਜੀਦਾ ਲੋਕ ਖੜ੍ਹ ਜਾਂਦੇ ਹਨ ਜਾਂ ਲੋਕ ਰੋਹ ਕਾਰਨ ਵੋਟਾਂ ਹਾਸਲ ਕਰਨ ਵਿਚ ਫੇਲ੍ਹ ਹੋ ਜਾਂਦੇ ਹਨ। ਨਤੀਜੇ ਵਜੋਂ ਉਨ੍ਹਾਂ ਦੀ ਜ਼ਮਾਨਤ ਰਾਸ਼ੀ ਖ਼ਜ਼ਾਨੇ ਵਿਚ ਚਲੀ ਜਾਂਦੀ ਹੈ। 2017 ਅਸੈਂਬਲੀ ਚੋਣਾਂ ਵਿਚ 1145 ਉਮੀਦਵਾਰਾਂ ’ਚੋਂ 824 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ, ਜਿਸ ਕਰਕੇ ਸਰਕਾਰੀ ਖ਼ਜ਼ਾਨੇ ਨੂੰ 84.41 ਲੱਖ ਰੁਪਏ ਪ੍ਰਾਪਤ ਹੋਏ ਸਨ। 2012 ਵਿਚ 1078 ਉਮੀਦਵਾਰਾਂ ’ਚੋਂ 817 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ।
ਇਸੇ ਤਰ੍ਹਾਂ 2007 ਵਿਚ 1043 ’ਚੋਂ 798 ਉਮੀਦਵਾਰਾਂ, 2002 ਵਿਚ 923 ਉਮੀਦਵਾਰਾਂ ’ਚੋਂ 655 ਅਤੇ 1997 ਵਿਚ 693 ਉਮੀਦਵਾਰਾਂ ’ਚੋਂ 420 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਜਦੋਂ ਪੰਜਾਬ ਵਿਚ ਲੰਮਾ ਸਮਾਂ ਰਾਸ਼ਟਰਪਤੀ ਰਾਜ ਲੱਗਣ ਮਗਰੋਂ 1992 ਵਿਚ ਚੋਣ ਹੋਈ ਸੀ ਤਾਂ ਉਦੋਂ 579 ਚੋਂ 317 ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਨਹੀਂ ਬਚਾ ਸਕੇ ਸਨ ਜੋ ਕਿ 54.74 ਫ਼ੀਸਦੀ ਬਣਦੇ ਹਨ। ਅੱਗੇ ਦੇਖੀਏ ਤਾਂ 1985 ਵਿਚ 69.42 ਫ਼ੀਸਦੀ, 1980 ਵਿਚ 64.54 ਫ਼ੀਸਦੀ, 1977 ਵਿਚ 64.07 ਫ਼ੀਸਦੀ ਅਤੇ 1972 ਵਿਚ 53.41 ਫ਼ੀਸਦੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ।
ਜਮਾਨਤ ਜ਼ਬਤੀ ਦਾ ਰਿਕਾਰਡ-
ਜੇਕਰ ਜ਼ਮਾਨਤ ਜ਼ਬਤ ਦੇ ਰਿਕਾਰਡ ਵੱਲ ਦੇਖੀਏ ਤਾਂ ਕਾਕਾ ਜੋਗਿੰਦਰ ਸਿੰਘ ‘ਧਰਤੀਪਕੜ’ ਹੁਣ ਤੱਕ 300 ਚੋਣਾਂ ਵਿਚ ਆਪਣੀ ਜ਼ਮਾਨਤ ਜ਼ਬਤ ਕਰਾ ਚੁੱਕੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸਭ ਤੋਂ ਵੱਧ ਜ਼ਮਾਨਤ ਰਾਸ਼ੀ ਜ਼ਬਤ 1997 ਚੋਣਾਂ ਵਿਚ ਹੋਈ ਸੀ ਜਦੋਂ ਕਾਂਗਰਸ ਦੇ 15 ਉਮੀਦਵਾਰ ਜ਼ਮਾਨਤ ਨਹੀਂ ਬਚਾ ਸਕੇ ਸਨ।
2017 ਚੋਣਾਂ ਵਿਚ ਕਾਂਗਰਸ ਦੇ ਦੋ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ ਜਦਕਿ 1992 ਦੀਆਂ ਚੋਣਾਂ ਵਿਚ ਕਾਂਗਰਸ ਦੇ ਚਾਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਇਤਿਹਾਸ ਦੇਖੀਏ ਤਾਂ 2017 ਵਿਚ ਦੋ ਅਕਾਲੀ ਉਮੀਦਵਾਰਾਂ, 2002 ਚੋਣਾਂ ਵਿਚ ਦੋ ਉਮੀਦਵਾਰਾਂ, 1980 ’ਚ 7 ਅਕਾਲੀ ਉਮੀਦਵਾਰਾਂ ਅਤੇ 1972 ਵਿਚ 9 ਅਕਾਲੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਇਸੇ ਤਰ੍ਹਾਂ ਭਾਜਪਾ ਦੇ 25 ਉਮੀਦਵਾਰਾਂ ਦੀ 1992 ਦੀਆਂ ਚੋਣਾਂ ਅਤੇ 19 ਭਾਜਪਾ ਉਮੀਦਵਾਰਾਂ ਦੀ 1980 ਦੀਆਂ ਚੋਣਾਂ ਵਿਚ ਜ਼ਮਾਨਤ ਜ਼ਬਤ ਹੋਈ ਸੀ।