ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰ ਹੋਲਸੇਲ ਰਿਟੇਲਰ ਤੇ ਛੋਟੇ ਵਪਾਰ ਉੱਤੇ ਜ਼ਿਆਦਾ ਪੈ ਰਿਹਾ ਹੈ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਚੰਡੀਗੜ੍ਹ ਤੋਂ ਕੁਝ ਰਿਟੇਲਰ ਹੋਲ ਸੈਲਰ ਅਤੇ ਛੋਟੇ ਵਪਾਰੀਆਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਸੈਕਟਰ-22 ਦੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਜੈਨ ਨੇ ਦੱਸਿਆ ਕਿ ਨੋਟਬੰਦੀ ਤੋਂ ਹੁਣ ਤੱਕ ਭਾਰਤ ਬਾਹਰ ਨਹੀਂ ਨਿਕਲ ਸਕਿਆ ਸੀ ਕਿ ਹੁਣ ਕੋਰੋਨਾ ਦੀ ਲਾਗ ਨੇ ਅਰਥ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਟੇਲਰ ਹੋਰ ਸੈਲਰ ਕੋਈ ਵੀ ਹੁਣ ਤੱਕ ਉੱਠ ਨਹੀਂ ਸਕਿਆ। ਉਨ੍ਹਾਂ ਦੱਸਿਆ ਕਿ ਮਹਿਜ਼ 1 ਫੀਸਦੀ ਉਨ੍ਹਾਂ ਲੋਕਾਂ ਜਾਂ ਵਪਾਰੀਆਂ ਨੂੰ ਫ਼ਾਇਦਾ ਹੋਇਆ ਜੋ ਸਰਕਾਰਾਂ ਦੇ ਸੰਪਰਕ ਦੇ ਵਿੱਚ ਸਨ।
ਨੋਟਬੰਦੀ-ਜੀਐੱਸਟੀ ਤੋਂ ਬਾਅਦ ਕੋਰੋਨਾ ਵਾਇਰਸ ਨੇ ਤੋੜਿਆ ਵਪਾਰੀਆਂ ਦਾ ਲੱਕ ਮਾਰਕੀਟ ਵਿੱਚ ਪੈਸਾ ਨਾ ਹੋਣ ਕਾਰਨ ਇੰਡਸਟਰੀ ਪ੍ਰੋਡਕਸ਼ਨ ਦਾ ਕਾਫੀ ਨੁਕਸਾਨ ਹੋਇਆ ਹੈ। ਮਾਰਕੀਟ ਦੇ ਹਾਲਾਤ ਹੁਣ ਇਹ ਹਨ ਕਿ ਕਰੋੜਾਂ ਦਾ ਘਾਟਾ ਜਿੱਥੇ ਹਰ ਵਪਾਰੀ, ਦੁਕਾਨਦਾਰ, ਹੋਲ ਸੇਲਰ ਨੂੰ ਹੋ ਰਿਹਾ, ਉਥੇ ਹੀ ਦੁਕਾਨ 'ਤੇ ਕੰਮ ਕਰਨ ਵਾਲੇ ਵਰਕਰਾਂ ਦੀ ਤਨਖ਼ਾਹ ਕੱਢਣੀ ਵੀ ਉਨ੍ਹਾਂ ਨੂੰ ਔਖੀ ਹੋ ਗਈ ਹੈ।
ਸੈਕਟਰ-17 ਮਾਰਕੀਟ ਦੇ ਪ੍ਰਧਾਨ ਨੀਰਜ ਦੇ ਮੁਤਾਬਕ ਜੀਐੱਸਟੀ ਤੋਂ ਅਜੇ ਦੁਕਾਨਦਾਰ ਵਪਾਰੀ ਨਿਕਲੇ ਹੀ ਨਹੀਂ ਸਨ ਕਿ ਕੋਰੋਨਾ ਮਹਾਮਾਰੀ ਨੇ ਸਾਰੇ ਕੰਮਕਾਜ ਠੱਪ ਕਰ ਦਿੱਤੇ ਹਨ। ਇਸ ਤੋਂ ਇਲਾਵਾ ਦੁਕਾਨਾਂ ਦੇ ਵਿੱਚ ਪਾਇਆ ਸਾਮਾਨ ਵੀ ਹੁਣ ਕਿਤੇ ਖ਼ਰਾਬ ਨਾ ਹੋ ਜਾਵੇ ਇਸ ਦੀ ਚਿੰਤਾ ਵੀ ਸਤਾਉਣ ਲੱਗ ਪਈ ਹੈ।
ਸੈਕਟਰ-7 ਹੋਲਸੇਲ ਮਾਰਕੀਟ ਵਿੱਚ ਸਥਿਤ ਫ਼ਰਨੀਚਰ ਦੁਕਾਨ ਦੇ ਮਾਲਕ ਬਾਂਸਲ ਦੇ ਮੁਤਾਬਕ ਉਨ੍ਹਾਂ ਵੱਲੋਂ ਠੇਕੇ 'ਤੇ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਅਡਵਾਂਸ ਤਨਖ਼ਾਹ ਦੇ ਦਿੱਤੀ ਗਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਹੁਣ ਉਹ ਆਪਣੇ ਸੂਬਿਆਂ ਨੂੰ ਵਾਪਿਸ ਚਲੇ ਗਏ ਹਨ। ਇਸ ਕਾਰਨ ਉਨ੍ਹਾਂ ਦਾ ਦੁੱਗਣਾ ਨੁਕਸਾਨ ਹੋ ਰਿਹਾ ਹੈ। ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਹੁਣ 10 ਕਾਰੀਗਰ ਹੀ ਰਹਿ ਗਏ ਹਨ, ਜਦਕਿ ਪਹਿਲਾਂ 60 ਕਾਰੀਗਰ ਕੰਮ ਕਰਦੇ ਸਨ।
ਉੱਥੇ ਹੀ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਹੋਲਸੇਲ ਮਾਰਕੀਟ ਦੇ ਵਿੱਚ ਵਿਹਲੇ ਬੈਠੇ ਪਰਵਾਸੀ ਕਾਰੀਗਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੰਮ ਨਾ ਹੋਣ ਕਾਰਨ ਉਹ ਆਪਣੇ ਸੂਬਿਆਂ ਨੂੰ ਵਾਪਿਸ ਜਾ ਰਹੇ ਹਨ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਹੁਣ ਇੱਥੇ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਖਾਣ-ਪੀਣ ਲਈ ਰਾਸ਼ਨ ਦੇ ਪੈਸੇ ਹਨ।