ਚੰਡੀਗੜ੍ਹ: ਪੰਜਾਬ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਕਾਰਨ 14 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 200 ਦੇ ਕਰੀਬ ਕੋਰੋਨਾ ਵਾਇਰਸ ਤੋਂ ਪੀੜਤ ਦੱਸੇ ਜਾ ਰਹੇ ਹਨ। ਜੇਕਰ ਕੋਰੋਨਾ ਦੇ ਸ਼ੱਕੀਆਂ ਦੀ ਗਿਣਤੀ ਦੇਖੀ ਜਾਏ ਤਾਂ ਇਹ 6000 ਦੇ ਕਰੀਬ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਇਲਾਜ ਲਈ ਪੂਰੀ ਅਹਤਿਆਤ ਵਰਤੀ ਜਾ ਰਹੀ ਹੈ। ਹੁਣ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਪੀੜਤ ਮਰੀਜ਼ਾਂ ਦੀ ਸਫ਼ਾਈ ਦੌਰਾਨ ਬਚਾਅ ਲਈ ਵਾਸ਼ਿੰਗ ਮਸ਼ੀਨਾਂ ਖਰੀਦੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰਾ, ਪੁਨਰਵਾਸ ਕੇਂਦਰਾਂ ਅਤੇ ਜੇਲ੍ਹਾਂ ਨੂੰ ਵੀ ਇਕਾਂਤਵਾਸ ਕੇਂਦਰਾਂ ਵਜੋਂ ਤਬਦੀਲ ਕੀਤਾ ਜਾ ਚੁੱਕਿਆ ਹੈ।
ਕੋਰੋਨਾ ਵਾਇਰਸ ਮਰੀਜ਼ਾਂ ਦੇ ਕੱਪੜੇ ਧੋਣ ਲਈ ਸਰਕਾਰ ਖਰੀਦੇਗੀ 'ਆਟੋਮੈਟਿਕ ਵਾਸ਼ਿੰਗ ਮਸ਼ੀਨਾਂ' - Corona virus news in punjabi
ਇਕਾਂਤਵਾਸ ਕੇਂਦਰਾਂ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੇ ਕੱਪੜੇ ਧੋਣ ਲਈ 20 ਲੱਖ ਦੀ ਲਾਗਤ ਨਾਲ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਖਰੀਦੀਆਂ ਜਾਣਗੀਆਂ। ਸਿਵਲ ਸਰਜਨਾਂ ਨੂੰ ਬਕਾਇਦਾ ਪੱਤਰ ਭੇਜ ਕੇ ਸਰਕਾਰ ਨੇ ਸੂਚਿਤ ਕਰ ਦਿੱਤਾ ਹੈ।
ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਇਹ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ। ਇਹ ਸਾਰੀਆਂ ਮਸ਼ੀਨਾਂ ਆਟੋਮੈਟਿਕ ਹੋਣਗੀਆਂ ਤੇ ਇਨ੍ਹਾਂ ਨੂੰ ਸੂਬੇ ਦੇ ਸਾਰੇ ਇਕਾਂਤਵਾਸ ਕੇਂਦਰਾਂ ਵਿੱਚ ਰੱਖਿਆ ਜਾਏਗਾ ਤਾਂ ਜੋ ਵਾਸ਼ਿੰਗ ਮਸ਼ੀਨਾਂ ਜ਼ਰੀਏ ਕੋਰੋਨਾ ਵਾਇਰਸ ਮਰੀਜ਼ਾਂ ਦੇ ਕੱਪੜਿਆਂ ਦੀ ਧੁਲਾਈ ਹੋ ਸਕੇ। ਨਾ ਸਿਰਫ਼ ਕੋਰੋਨਾ ਵਾਇਰਸ ਪੀੜਤਾਂ ਬਲਕਿ ਹਸਪਤਾਲ ਸਟਾਫ਼ ਦੇ ਕੱਪੜੇ ਧੋਣ ਲਈ ਵੀ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਹੋਵੇਗੀ। ਸੂਬੇ ਵਿੱਚ ਇਨ੍ਹਾਂ ਮਸ਼ੀਨਾਂ ਨੂੰ ਖਰੀਦਣ ਲਈ ਕਰੀਬ 20 ਲੱਖ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਤਮਾਮ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸਿਹਤ ਵਿਭਾਗ ਵੱਲੋਂ ਸਿਵਲ ਸਰਜਨਾਂ ਨੂੰ ਭੇਜੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਕਾਂਤਵਾਸ ਕੇਂਦਰਾਂ ਵਿਚਲੇ 25 ਤੋਂ 30 ਬੈੱਡਾਂ ਦੀ ਸਮਰੱਥਾ ਪਿੱਛੇ ਇੱਕ ਆਟੋਮੈਟਿਕ ਵਾਸ਼ਿੰਗ ਮਸ਼ੀਨ ਰੱਖੀ ਜਾਵੇਗੀ। ਇਹ ਮਸ਼ੀਨ 9 ਕਿਲੋ ਸਮਰੱਥਾ ਵਾਲੀ ਹੋਏਗੀ ਅਤੇ ਕੋਰੋਨਾ ਮਰੀਜ਼ਾਂ ਦੇ ਕੱਪੜੇ ਧੋਣ ਦੇ ਨਾਲ-ਨਾਲ ਸੁਕਾਉਣ ਦਾ ਕੰਮ ਵੀ ਕਰੇਗੀ। ਇਹ ਮਸ਼ੀਨ ਹਰੇਕ ਵਾਸ਼ਰੂਮ ਦੇ ਬਾਹਰ ਰੱਖੀ ਜਾਵੇਗੀ ਅਤੇ ਇਹ ਯਕੀਨੀ ਵੀ ਬਣਾਇਆ ਜਾਏਗਾ ਕਿ ਕੋਰੋਨਾ ਵਾਇਰਸ ਮਰੀਜ਼ਾਂ ਦੇ ਕੱਪੜੇ ਸਮਾਂ ਰਹਿੰਦਿਆਂ ਧੋਤੇ ਜਾ ਸਕਣ।