ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਮੁੜ ਪੰਜਾਬ 'ਚ ਕੋਰੋਨਾ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ। ਕੋਰੋਨਾ ਦੇ ਮਾਮਲੇ ਸੈਂਕੜੇ ਦੀ ਗਿਣਤੀ ਪਾਰ ਕਰ ਰਹੇ ਹਨ। ਇਸ ਦੇ ਚੱਲਦਿਆਂ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ 332 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇੰਨ੍ਹਾਂ ਮਾਮਲਿਆਂ 'ਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਪਟਿਆਲਾ ਤੋਂ ਸਾਹਮਣੇ ਆਏ ਹਨ। ਪਟਿਆਲਾ 'ਚ 24 ਘੰਟਿਆਂ 'ਚ 98 ਮਾਮਲੇ ਸਾਹਮਣੇ ਆਏ ਹਨ। ਜਦਕਿ ਦੂਜੇ ਨੰਬਰ 'ਤੇ ਸਭ ਤੋਂ ਵੱਧ ਮਾਮਲੇ ਪਠਾਨਕੋਟ ਤੋਂ ਸਾਹਮਣੇ ਆਏ ਹਨ, ਜਿਥੇ 53 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਲੁਧਿਆਣਾ, ਜਲੰਧਰ ਅਤੇ ਬਠਿੰਡਾ 'ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਦਿਹਾਈ ਦਾ ਅੰਕੜਾ ਪਾਰ ਨਹੀਂ ਕਰਦੀ ਸੀ ਪਰ ਪਿਛਲੇ ਚਾਰ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਸੈਂਕੜੇ ਅਤੇ ਦੋਹਰੇ ਸੈਂਕੜੇ ਪਾਰ ਕਰ ਰਹੀ ਹੈ। ਇਸ ਦੇ ਨਾਲ ਹੀ ਜੇਕਰ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1,041 ਕੋਰੋਨਾ ਦੇ ਮਾਮਲੇ ਐਕਟਿਵ ਹਨ।