ਚੰਡੀਗੜ੍ਹ: ਦੇਸ਼ ਭਰ ਦੇ ਵਿੱਚ ਅਨਲੌਕ 4.0 ਦੌਰਾਨ ਕਈ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸੇ ਤਹਿਤ ਮੰਦਿਰ ਵੀ ਖੋਲ੍ਹ ਦਿੱਤੇ ਗਏ ਹਨ ਤੇ ਕੁੱਝ ਹੀ ਦਿਨਾਂ ਵਿੱਚ ਨਰਾਤੇ, ਦਿਵਾਲੀ ਤੇ ਦੁਸਹਿਰਾ ਆਉਣ ਵਾਲੇ ਹਨ ਪਰ ਇਨ੍ਹਾਂ ਤਿਉਹਾਰਾਂ 'ਤੇ ਕੋਰੋਨਾ ਦੀ ਪੈ ਰਹੀ ਹੈ।
ਨਰਾਤਿਆਂ 'ਚ ਲੋਕ ਜਿੱਥੇ ਜਗਰਾਤੇ ਕਰਨ ਦੇ ਲਈ ਮਾਤਾ ਦੀ ਮੂਰਤੀਆਂ ਖਰੀਦਦੇ ਹਨ ਉੱਥੇ ਹੀ ਬੰਗਾਲੀ ਲੋਕ ਦੁਰਗਾ ਪੂਜਾ ਦਾ ਇੰਤਜ਼ਾਰ ਕਰਦੇ ਤੇ ਦੁਰਗਾ ਮਾਤਾ ਦੀਆਂ ਮੂਰਤੀਆਂ ਖਰੀਦਦੇ ਹਨ ਜਿਸ ਤੋਂ ਮੂਰਤੀਕਾਰਾਂ ਨੂੰ ਕਮਾਈ ਹੁੰਦੀ ਹੈ ਪਰ ਇਸ ਵਾਰ ਉਨ੍ਹਾਂ ਦੇ ਕੰਮ ਉੱਤੇ ਵੀ ਕੋਰੋਨਾ ਦੀ ਮਾਰ ਪਈ ਹੈ।
ਗੱਲ ਕਰੀਏ ਸੈਕਟਰ 47 ਦੀ ਤਾਂ ਕਾਲੀਬਾੜੀ ਮੰਦਰ ਵਿੱਚ ਜੋ ਕਾਰੀਗਰ ਗਣੇਸ਼ ਚਤੁਰਥੀ, ਵਿਸ਼ਵਕਰਮਾ ਤੇ ਦੁਰਗਾ ਪੂਜਾ ਦੇ ਲਈ ਮੂਰਤੀਆਂ ਤਿਆਰ ਕਰਦੇ ਹਨ ਉਨ੍ਹਾਂ ਨੂੰ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਆਰਡਰ ਮਿਲ ਰਹੇ ਹਨ। ਉਨ੍ਹਾਂ ਦਾ ਕੰਮ 50 ਫੀਸਦੀ ਘਟਿਆ ਹੈ।
ਦੱਸ ਦਈਏ ਕਿ ਇੱਥੇ ਕਾਰੀਗਰਾਂ ਨੂੰ ਖਾਸ ਤੌਰ ਤੇ ਬੰਗਾਲ ਤੋਂ ਬੁਲਾਇਆ ਜਾਂਦਾ ਹੈ ਜੋ ਮੂਰਤੀਆਂ ਤਿਆਰ ਕਰਦੇ ਹਨ ਪਰ ਇਸ ਵਾਰ ਕੋਰੋਨਾ ਕਰਕੇ ਮੂਰਤੀ ਬਣਾਉਣ ਵਾਲੇ ਕਾਰੀਗਰ ਨਹੀਂ ਪਹੁੰਚੇ ਤੇ ਜੋ ਆਏ ਵੀ ਉੁਨ੍ਹਾਂ ਨੂੰ ਵੀ ਫਲਾਈਟ ਰਾਹੀਂ ਹੀ ਬੁਲਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਦਾ ਆਪਣਾ ਖਰਚਾ ਵੀ ਕਾਫ਼ੀ ਜ਼ਿਆਦਾ ਵੱਧ ਗਿਆ ਹੈ।
ਜਿੱਥੇ ਕਾਰੀਗਰ ਨਹੀਂ ਮਿਲ ਰਹੇ ਉੱਥੇ ਹੀ ਮੂਰਤੀਆਂ ਲੈ ਕੇ ਜਾਣ ਵਾਲੇ ਲੋਕ ਵੀ ਘਟ ਰਹੇ ਹਨ ਕਿਉਂਕਿ ਜਿੱਥੇ ਪਹਿਲਾਂ 15-16 ਫੁੱਟ ਦੀ ਮੂਰਤੀ ਦੇ ਆਰਡਰ ਦਿੱਤੇ ਜਾਂਦੇ ਸੀ। ਹੁਣ ਪੰਜ ਤੋਂ ਛੇ ਫੁੱਟ ਦੀ ਮੂਰਤੀ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਦੁਰਗਾ ਪੂਜਾ ਦੇ ਲਈ ਵੱਡਾ ਪੰਡਾਲ ਨਾ ਲਗਾਇਆ ਜਾਵੇ ਤੇ ਸਿਰਫ ਪੂਜਾ ਹੀ ਕੀਤੀ ਜਾਵੇ।