ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਦਿੱਤੇ ਅਸਤੀਫੇ ਤੋਂ ਬਾਅਦ ਸੂਬੇ ਦੀ ਸਿਆਸਤ ਭੱਖ ਚੁੱਕੀ ਹੈ। ਇਸ ਸਬੰਧੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਕਿ ਪਾਰਟੀ ਦੇ ਸਾਰੇ ਆਗੂ ਇਕਜੁੱਟ ਹਨ। ਇਸ ਦੇ ਨਾਲ ਹੀ ਐੱਸ.ਆਈ.ਟੀ ਨੂੰ ਲੈਕੇ ਉਨ੍ਹਾਂ ਦਾ ਕਹਿਣਾ ਕਿ ਸਰਕਾਰ ਦਾ ਕੋਈ ਦਬਾਅ 'ਚ ਰੋਲ ਨਹੀਂ ਸੀ, ਸਗੋਂ ਐੱਸ.ਆਈ.ਟੀ ਵਲੋਂ ਫ੍ਰੀ ਹੈਂਡ ਹੋ ਕੇ ਇਸ ਮਾਮਲਿਆਂ 'ਚ ਜਾਂਚ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਕਿ ਹਾਈਕੋਰਟ ਵਲੋਂ ਐੱਸ.ਆਈ.ਟੀ ਦੀ ਰਿਪੋਰਟ ਨੂੰ ਖਾਰਜ ਕਰਕੇ ਨਵੀਂ ਐੱਸ.ਆਈ.ਟੀ ਬਣਾਉਣ ਦੀ ਗੱਲ ਕੀਤੀ ਗਈ ਹੈ, ਜਿਸ ਸਬੰਧੀ ਸਮੀਖਿਆ ਕੀਤੀ ਜਾਵੇਗੀ।
ਵਿਧਾਇਕ ਵੇਰਕਾ ਦਾ ਕਹਿਣਾ ਕਿ ਸਰਕਾਰ ਵਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਜਾਵੇਗੀ, ਜਿਸ 'ਚ ਉਨ੍ਹਾਂ ਵਲੋਂ ਫਾਸਟ ਟ੍ਰੈੱਕ 'ਤੇ ਮਾਮਲੇ ਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਜਲਦ ਸਜ਼ਾ ਮਿਲ ਸਕੇ। ਉਨ੍ਹਾਂ ਦਾ ਕਹਿਣਾ ਕਿ ਐੱਸ.ਆਈ.ਟੀ ਨੂੰ ਲੈਕੇ ਬਣਾਈ ਲੀਗਲ ਟੀਮ 'ਚ ਜੇਕਰ ਜ਼ਰੂਰਤ ਪਈ ਤਾਂ ਤਬਦੀਲੀਆਂ ਵੀ ਕੀਤੀਆਂ ਜਾਾਣਗੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।