ਚੰਡੀਗੜ੍ਹ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੇਹਾਂਤ 'ਤੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਨੇ ਦੁੱਖ ਜ਼ਾਹਰ ਕੀਤਾ ਤੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਣਬ ਮੁਖਰਜੀ ਨਾਲ 35 ਸਾਲ ਪੁਰਾਣੀ ਸਾਂਝ ਸੀ।
ਪ੍ਰਣਬ ਮੁਖਰਜੀ ਨਾਲ 35 ਸਾਲ ਪੁਰਾਣੀ ਸਾਂਝ
ਪਵਨ ਕੁਮਾਰ ਬਾਂਸਲ ਨੇ ਦੱਸਿਆ ਕਿ ਜਦੋਂ ਉਹ ਸਾਂਸਦ ਹੁੰਦੇ ਸੀ, ਉਦੋਂ ਤੋਂ ਹੀ ਉਨ੍ਹਾਂ ਦਾ ਨਿੱਤ ਹੀ ਪ੍ਰਣਬ ਮੁਖਰਜੀ ਦੇ ਨਾਲ ਉੱਠਣਾ ਬੈਠਣਾ ਸੀ। ਉਨ੍ਹਾਂ ਦੀ ਸਾਂਝ 35-40 ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ ਦੀਆਂ ਵੱਡੀਆਂ ਬਰੀਕੀਆਂ ਪ੍ਰਣਬ ਮੁਖਰਜੀ ਤੋਂ ਸਿੱਖੀਆਂ ਸਨ।
ਪ੍ਰਤੀਭਾ ਦੇ ਧਨੀ ਸਨ
ਉਨ੍ਹਾਂ ਕਿਹਾ ਕਿ ਪ੍ਰਣਬ ਮੁਖਰਜੀ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ ਤੇ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਸੀ ਤਾਂ ਉਹ ਕਦੇ ਵਿਹਲੇ ਨਹੀਂ ਬੈਠੇ ਮਿਲੇ, ਕੁਝ ਨਾ ਕੁਝ ਡਾਇਰੀ 'ਤੇ ਲਿਖਦੇ ਜਾਂ ਪੜ੍ਹਦੇ ਰਹਿੰਦੇ ਸਨ। ਉਨ੍ਹਾਂ ਦੇ ਕੰਮ ਦਾ ਕਾਇਲ ਪੂਰਾ ਦੇਸ਼ ਸੀ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਲੈਕਚਰ ਦੇ ਆਫ਼ਰ ਆਉਂਦੇ ਰਹਿੰਦੇ ਸਨ। ਉਹ ਰਾਜਨੀਤੀ ਦੇ ਖੇਤਰ ਵਿੱਚ ਪੂਰੇ ਮੰਝੇ ਹੋਏ ਸਨ ਤੇ ਉਨ੍ਹਾਂ ਦੇ ਜਿੰਨੇ ਵੀ ਦਾਅਵੇ ਅਤੇ ਕੰਮ ਰਹਿੰਦੇ ਸਨ ਉਹ ਉਸ ਨੂੰ ਆਪਣੀ ਪੂਰੀ ਸ਼ਰਧਾ ਦੇ ਨਾਲ ਅਤੇ ਕਰਮੱਠਤਾ ਦੇ ਨਾਲ ਕਰਦੇ ਸਨ।
ਸਾਬਕਾ ਰਾਸ਼ਟਰਪਤੀ ਨਾਲ ਚੰਡੀਗੜ੍ਹ ਦੀ ਯਾਦ ਸਾਂਝੀ ਕੀਤੀ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਨਾਲ ਚੰਡੀਗੜ੍ਹ ਦੀ ਸਾਂਝ ਨੂੰ ਯਾਦ ਕਰਦਿਆਂ ਪਵਨ ਬਾਂਸਲ ਨੇ ਦੱਸਿਆ ਕਿ ਇੱਕ ਵਾਰ ਜਦੋਂ ਪ੍ਰਣਬ ਮੁਖਰਜੀ ਚੰਡੀਗੜ੍ਹ ਆਏ ਸਨ ਤਾਂ ਉਦੋਂ ਉਹ ਫਾਈਨੈਂਸ ਵਿਭਾਗ ਦੇ ਵਿੱਚ ਚੇਅਰਮੈਨ ਹੁੰਦੇ ਸਨ। ਉਸ ਵੇਲੇ ਚੰਡੀਗੜ੍ਹ ਤੋਂ ਪੰਚਕੂਲਾ ਜਾਣ ਵਾਲਾ ਪੁਲ ਨਹੀਂ ਸੀ, ਜਿਸ ਬਾਰੇ ਉਨ੍ਹਾਂ ਨੇ ਪ੍ਰਣਬ ਜੀ ਨੂੰ ਦੱਸਿਆ। ਇਸ ਦੇ ਨਾਲ ਹੀ ਪੁਲ ਨਾ ਹੋਣ ਕਰਕੇ ਚੰਡੀਗੜ੍ਹ ਦੇ ਲੋਕਾਂ ਨੂੰ ਪੰਚਕੂਲਾ ਪਹੁੰਚਣ ਦੌਰਾਨ ਹੋਣ ਵਾਲੀ ਮੁਸ਼ਕਲ ਤੋਂ ਜਾਣੂ ਕਰਵਾਇਆ।
ਉਸ ਹੀ ਵੇਲੇ ਉਨ੍ਹਾਂ ਨੇ ਕਰੋੜਾਂ ਦੀ ਰਾਸ਼ੀ ਜਾਰੀ ਕੀਤੀ ਸੀ ਅਤੇ ਉਸ ਪੁਲ ਨੂੰ ਬਣਵਾਇਆ ਸੀ। ਮੈਂ ਅੱਜ ਵੀ ਯਾਦ ਕਰਦਾ ਹਾਂ। ਜਦੋਂ ਵੀ ਪ੍ਰਣਬ ਮੁਖਰਜੀ ਚੰਡੀਗੜ੍ਹ ਆਉਂਦੇ ਸਨ ਤਾਂ ਉਹ ਚੰਡੀਗੜ੍ਹ ਨੂੰ ਕੋਈ ਨਾ ਕੋਈ ਸੌਗਾਤ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਪ੍ਰਣਬ ਮੁਖਰਜੀ ਬੜੇ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਕਾਫ਼ੀ ਹੱਸ ਮੁੱਖ ਸੁਭਾਅ ਦੇ ਸਨ। ਹਰੇਕ ਵਿਸ਼ੇ ਨੂੰ ਲੈ ਕੇ ਉਨ੍ਹਾਂ ਦੀ ਸੋਚ ਬੜੀ ਗੰਭੀਰ ਸੀ।ਉਨ੍ਹਾਂ ਕਿਹਾ ਕਿ ਪ੍ਰਣਬ ਮੁਖਰਜੀ ਦੇ ਜਾਣ ਨਾਲ ਯੂਪੀਏ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਾਜਨੀਤੀ ਦੇ ਸਫ਼ਰ ਦੇ ਵਿੱਚ ਪ੍ਰਣਬ ਮੁਖਰਜੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
84 ਵਰ੍ਹਿਆਂ ਦੀ ਉਮਰ ਵਿੱਚ ਸੰਸਾਰ ਨੂੰ ਕਿਹਾ ਅਲਵਿਦਾ
ਇੱਥੇ ਤੁਹਾਨੂੰ ਦੱਸ ਦਈਏ ਕਿ ਬੀਤੀ ਦਿਨੀਂ ਪ੍ਰਣਬ ਮੁਖਰਜੀ 84 ਵਰ੍ਹਿਆਂ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਕੁਝ ਦਿਨ ਪਹਿਲਾਂ ਉਨ੍ਹਾ ਨੂੰ ਕੋਰੋਨਾ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਉਹ ਬਾਥਰੂਮ ਵਿਚ ਡਿੱਗ ਪਏ ਸੀ ਜਿਸ ਦੌਰਾਨ ਉਨ੍ਹਾਂ ਦੇ ਸਿਰ ਦੇ ਵਿੱਚ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਬ੍ਰੇਨ ਦੀ ਸਰਜਰੀ ਵੀ ਹੋਈ ਸੀ ਅਤੇ ਉਹ ਕੋਮਾ ਵਿੱਚ ਸਨ। ਹੁਣ ਉਨ੍ਹਾਂ ਨੇ ਸੋਮਵਾਰ ਸ਼ਾਮ ਨੂੰ ਹਸਪਤਾਲ ਵਿਖੇ ਆਖ਼ਰੀ ਸਾਹ ਲਏ।