ਚੰਡੀਗੜ੍ਹ: ਈ.ਡੀ. ਵੱਲੋਂ ਪੰਜਾਬ ’ਚ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ’ਚ ਕੀਤੀ ਛਾਪੇਮਾਰੀ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਇਸ ਛਾਪੇਮਾਰੀ ਖ਼ਿਲਾਫ ਕਾਂਗਰਸ ਨੇ ਚੋਣ ਕਮਿਸ਼ਨ ਦਾ ਰੁਖ਼ ਕੀਤਾ ਹੈ। ਕਾਂਗਰਸ ਨੇ ਈ.ਡੀ. ਦੀ ਛਾਪੇਮਾਰੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦਿਆਂ ਕਿਹਾ ਹੈ ਕਿ ਇਹ ਛਾਪੇਮਾਰੀ ਸਿਆਸਤ ਤੋਂ ਪ੍ਰੇਰਿਤ ਹੈ। ਇਸ ਲਈ ਇਸ ਸਬੰਧ ’ਚ ਈ. ਡੀ. ਨੂੰ ਹੁਕਮ ਜਾਰੀ ਕੀਤੇ ਜਾਣ। ਕਾਂਗਰਸ ਵੱਲੋਂ ਚੋਣ ਕਮਿਸ਼ਨ ਕੋਲ ਰਣਦੀਪ ਸੁਰਜੇਵਾਲਾ, ਅਭਿਸ਼ੇਕ ਮਨੂਸਿੰਘਵੀ ਤੇ ਹਰੀਸ਼ ਚੌਧਰੀ ਪਹੁੰਚੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਤੇ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਆਪਣੇ ਪੱਧਰ ’ਤੇ ਇਸ ਮਾਮਲੇ ਦੀ ਜਾਣਕਾਰੀ ਲੈ ਕੇ ਸੁਣਵਾਈ ਕਰਨ ਦਾ ਭਰੋਸਾ ਦਿੱਤਾ ਹੈ।
ED ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਪਹੁੰਚ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਦਾ ਕਹਿਣਾ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਮਿਲੀਆਂ ਹੋਈਆਂ ਹਨ ਅਤੇ ਮੁੱਖ ਮੰਤਰੀ ਚੰਨੀ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਦੀ ਹਾਰ ਸਾਹਮਣੇ ਦੇਖ ਕੇ ਭਾਜਪਾ ਕਾਂਗਰਸ ਨੂੰ ਬਦਨਾਮ ਕਰਨ ਦੀ ਰਾਹ ’ਤੇ ਤੁਰੀ ਹੋਈ ਹੈ। ‘ਆਪ’ ਅਤੇ ਭਾਜਪਾ ਵਲੋਂ ਪੰਜਾਬ ਅਤੇ ਪੰਜਾਬੀਅਤ ਉੱਤੇ ਹਮਲਾ ਬੋਲਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ’ਚ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਮੋਹਾਲੀ ਸਥਿਤ ਟਿਕਾਣਿਆਂ 'ਤੇ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਗਈ।
ED ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਪਹੁੰਚ ਮੋਹਾਲੀ ਤੋਂ ਇਲਾਵਾ ਲੁਧਿਆਣਾ ਅਤੇ ਪੰਚਕੂਲਾ 'ਚ ਵੀ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੰਘੀ ਏਜੰਸੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ, ਮੋਹਾਲੀ, ਪਠਾਨਕੋਟ ਤੇ ਲੁਧਿਆਣਾ 'ਚ ਦਰਜਨਾਂ ਸਥਾਨਾਂ ’ਤੇ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ :ਭਗਵੰਤ ਮਾਨ ਦੇ ਸੀਐਮ ਬਣਨ ’ਤੇ ਪੰਜਾਬ ’ਚ ਸ਼ਰਾਬ ਹੋਵੇਗੀ ਸਸਤੀ:ਹਰਜੀਤ ਗਰੇਵਾਲ
10.7 ਕਰੋੜ ਰੁਪਏ ਬਰਾਮਦ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ ਕਰੀਬ 8 ਕਰੋੜ ਰੁਪਏ ਬਰਾਮਦ ਕੀਤੇ, ਜਦਕਿ ਭੁਪਿੰਦਰ ਸਿੰਘ ਦੇ ਦੋਸਤ ਘਰੋਂ ਕਰੀਬ 2 ਕਰੋੜ ਰੁਪਏ ਬਰਾਮਦ ਕੀਤੇ ਸਨ। ਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਤੋਂ ਹੁਣ ਤੱਕ ਲਗਭਗ 10.7 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।
ਭਾਜਪਾ ਦਾ ਵਾਰ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਅਤੇ ਸੀੱਐਮ ਚਰਨਜੀਤ ਸਿੰਘ ਚੰਨੀ ਨੂੰ ਘੇਰਦੇ ਹੋਏ ਕਿਹਾ ਕਿ ਘਰ ਘਰ ਚੱਲੀ ਗੱਲ੍ਹ ਚੰਨੀ ਕਰਦਾ ਨੋਟਾਂ ਨਾਲ ਮਸਲੇ ਹੱਲ! ਉਨ੍ਹਾਂ ਨੇ ਅੱਗੇ ਲਿਖਿਆ ਕਿ ਇਮਾਨਦਾਰੀ ਦਾ ਢੋਂਗ ਰੱਚਣ ਵਾਲੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਤੋਂ 4 ਕਰੋੜ ਦੀ ਨਕਦੀ ਮਿਲਣ ਨਾਲ ਸਾਬਿਤ ਕਰਦਾ ਹੈ ਕਿ ਪੰਜਾਬ ਚ ਪੂਰੀ ਕਾਂਗਰਸ ਸਰਕਾਰ ਮਾਫਿਆ ਦੇ ਹੱਥਾਂ ਤੋਂ ਵਿਕੀ ਹੋਈ ਹੈ।
ਦੂਜੇ ਪਾਸੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਈਡੀ ਦੀ ਛਾਪੇਮਾਰੀ ਤੇ ਕਿਹਾ ਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ ਕਿ ਪੰਜਾਬ ਚ ਰੇਤ ਮਾਈਨਿੰਗ ਮਾਫੀਆ ਅਤੇ ਕਾਂਗਰਸ ਸਰਕਾਰ ਇੱਕ ਹੀ ਥਾਲੀ ਦੇ ਚੱਟੇ ਬੱਟੇ ਹਨ। ਈਡੀ ਦੀ ਛਾਪੇਮਾਰੀ ਚ ਸਬੂਤ ਸਾਫ ਨਜਰ ਆ ਰਹੇ ਹਨ।
ਸੀਐੱਮ ਚੰਨੀ ਦਾ ਈਡੀ ਦੀ ਛਾਪੇਮਾਰੀ ’ਤੇ ਬਿਆਨ
ਇੱਕ ਪਾਸੇ ਜਿੱਥੇ ਵਿਰੋਧੀਆਂ ਵੱਲੋਂ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਤੰਤਰ ਦੇ ਲਈ ਚੰਗਾ ਨਹੀਂ ਹੈ। ਅਸੀਂ ਇਸ ਨਾਲ ਲੜਨ ਲਈ ਤਿਆਰ ਹਾਂ। ਪੱਛਮ ਬੰਗਾਲ ਦੀਆਂ ਚੋਣਾਂ ਸਮੇਂ ਵੀ ਇਹੀ ਕੁਝ ਹੋਇਆ ਸੀ।
ਕੀ ਹੈ ਮਾਮਲਾ ?
ਪੂਰਾ ਮਾਮਲਾ 2018 ਦਾ ਦੱਸਿਆ ਜਾ ਰਿਹਾ ਹੈ ਜਦੋਂ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਦੇ ਲੈਣ ਦੇਣ ’ਚ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਮੋਹਾਲੀ ’ਚ ਇਸ ਸਬੰਧੀ ਐਫ ਆਰ ਆਈ ਹੋਈ ਸੀ, ਹਾਲਾਂਕਿ ਇਸ ਮਾਮਲੇ ’ਚ ਗੈਰਕਨੂੰਨੀ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਸੀ, ਪਰ ਈ ਡੀ ਵਲੋਂ ਪੰਜਾਬ ਭਰ ’ਚ ਇਹ ਰੇਡ ਕੀਤੀ ਗਈ ਹੈ।