ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਵਿੱਚ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਕੋਵਿਡ -19 ਮਹਾਂਮਾਰੀ ਤੋਂ ਸਟਾਫ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ -19) ਇੱਕ ਲਾਗ ਦੀ ਬਿਮਾਰੀ ਹੈ, ਜਿਹੜੀ ਬਹੁਤੇ ਮਾਮਲਿਆਂ ਵਿੱਚ ਰੈਸਪੀਰੇਟਰੀ ਡਰਾਪਲਿਟਜ਼ ਰਾਹੀਂ, ਪੀੜਤ ਲੋਕਾਂ ਨਾਲ ਸਿੱਧਾ ਸੰਪਰਕ ਅਤੇ ਦੂਸ਼ਿਤ ਸਤਹ / ਵਸਤੂਆਂ ਰਾਹੀਂ ਫੈਲਦੀ ਹੈ ਅਤੇ ਇਸ ਵਾਇਰਸ ਨੂੰ ਰਸਾਇਣਕ ਕੀਟਾਣੂ ਨਾਸ਼ਕ ਰਾਹੀਂ ਆਸਾਨੀ ਨਾਲ ਨਸ਼ਟ ਕੀਤਾ ਜਾ ਸਕਦਾ ਹੈ। ਇਸ ਪ੍ਰਕਾਰ ਵਾਇਰਸ ਬਾਰੇ ਸਹੀ ਅਤੇ ਸਮੇਂ ਸਿਰ ਮਿਲੀ ਜਾਣਕਾਰੀ ਇਸ ਮਹਾਂਮਾਰੀ ਨੂੰ ਕਾਬੂ ਕਰਨ ਵਿੱਚ ਅਹਿਮ ਸਥਾਨ ਰੱਖਦੀ ਹੈ। ਰਾਜ ਸਰਕਾਰ ਨੇ ਸੇਵਾ ਕੇਂਦਰਾਂ ਵੱਲੋਂ ਦਿੱਤੀਆਂ ਜਾਂਦੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਪੜਾਅਵਾਰ ਪਹੁੰਚ ਅਪਣਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਵੱਲੋਂ ਸੇਵਾਵਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਸੇਵਾ ਕੇਂਦਰ ਜਲਦ ਹੀ ਸਰਕਾਰ ਦੁਆਰਾ ਨਿਰਧਾਰਿਤ ਯੋਜਨਾ ਅਨੁਸਾਰ ਆਪਣੇ ਕੰਮ ਸ਼ੁਰੂ ਕਰਨਗੇ।
ਐਡਵਾਇਜ਼ਰੀ ਮੁਤਾਬਕ ਸਟਾਫ ਦੀ ਹਾਜ਼ਰੀ ਸਬੰਧੀ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਸ ਤਹਿਤ ਸਟਾਫ ਨੂੰ ਇਸ ਤਰੀਕੇ ਨਾਲ ਬਿਠਾਇਆ ਜਾਵੇ ਕਿ ਉਨ੍ਹਾਂ ਵਿੱਚ ਹਰ ਸਮੇਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਰਕਰਾਰ ਰਹੇ। ਉਨ੍ਹਾਂ ਅੱਗੇ ਕਿਹਾ ਕਿ ਸਟਾਫ ਲਈ ਇੱਕ- ਇੱਕ ਕਾਊਂਟਰ ਛੱਡਕੇ ਬੈਠਣ ਸਬੰਧੀ ਸੰਭਾਵਨਾ ਵੀ ਤਲਾਸ਼ੀ ਜਾ ਰਹੀ ਹੈ। ਦਫ਼ਤਰੀ ਕੰਮਕਾਜ ਦੇ ਸਮੇਂ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ, ਦੁਪਹਿਰ ਦੇ ਖਾਣੇ ਅਤੇ ਚਾਹ-ਬਰੇਕ ਦੇ ਸਮੇਂ ਨੂੰ ਲੋੜ ਅਨੁਸਾਰ ਅੱਗੇ ਪਿੱਛੇ ਕਰਨ ਸਬੰਧੀ ਯੋਜਨਾ ਬਣਾਈ ਜਾਵੇ ਤਾਂ ਜੋ ਸਟਾਫ਼ ਦੇ ਇਕੱਠ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਟਾਫ ਵੱਲੋਂ ਤਰਜੀਹੀ ਤੌਰ 'ਤੇ ਘੱਟੋ-ਘੱਟ 20 ਸੈਕਿੰਡ ਲਈ ਸਾਬਣ ਨਾਲ ਹੱਥ ਧੋਤੇ ਜਾਣ ਅਤੇ ਦੋ ਘੰਟੇ ਦੀ ਹੈਂਡ ਵਾਸ਼ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਦਸਤਾਵੇਜ਼ਾਂ ਜਾਂ ਨਕਦ ਲੈਣ-ਦੇਣ ਕਰਨ ਵਾਲੇ ਅਮਲੇ ਨੂੰ ਲੈਣ-ਦੇਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਅਮਲੇ ਨੂੰ ਚਾਹ-ਬਰੇਕ / ਦੁਪਹਿਰ ਦੇ ਖਾਣੇ ਦੀ ਬਰੇਕ ਦੇ ਸਮੇਂ ਰਿਫਰੈਸ਼ਮੈਂਟ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਧੋਣਾ / ਸਾਫ਼ ਕਰਨਾ ਚਾਹੀਦਾ ਹੈ । ਸਟਾਫ ਵੱਲੋਂ ਖਾਣਾ ਅਤੇ ਬਰਤਨ ਆਪਸ ਵਿੱਚ ਸਾਂਝੇ ਨਾ ਕੀਤੇ ਜਾਣ।
ਬੁਲਾਰੇ ਨੇ ਕਿਹਾ ਕਿ ਜੇਕਰ ਸੇਵਾ ਕੇਂਦਰ ਵਿੱਚ ਕਿਸੇ ਨੂੰ ਤੇਜ਼ ਬੁਖਾਰ ਹੋਵੇ ਤਾਂ ਇਸਦਾ ਇਹ ਮਤਲਬ ਨਹੀਂ ਕਿ ਉਹ ਕੋਵਿਡ -19 ਤੋਂ ਪੀੜਤ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਸਟਾਫ ਨੂੰ ਜਲਦ ਤੋਂ ਜਲਦ ਬਾਕੀ ਦਫ਼ਤਰ ਨਾਲੋਂ ਕੁਅਰੰਟਾਈਨ ਕਰਕੇ ਡਾਕਟਰੀ ਜਾਂਚ ਕਰਵਾਈ ਜਾਵੇ। ਕੋਵਿਡ -19 ਨਾਲ ਸਬੰਧਤ ਬੁਖਾਰ ਜਾਂ ਹੋਰ ਲੱਛਣਾਂ ਦੀ ਸਥਿਤੀ ਵਿੱਚ ਸਟਾਫ ਨੂੰ ਘਰ ਰਹਿਣ ਲਈ ਉਤਸ਼ਾਹਤ ਕੀਤਾ ਜਾਵੇ।
ਜੇ ਕਿਸੇ ਸਹਿ-ਕਰਮਚਾਰੀ / ਸਹਿਕਰਮੀ ਦੀ ਪਛਾਣ ਕੋਵਿਡ-19 ਪੌਜ਼ੀਟਿਵ ਵਜੋਂ ਕੀਤੀ ਜਾਂਦੀ ਹੈ ਅਤੇ ਉਹ ਦਫ਼ਤਰ ਵਿੱਚ ਆਪਣੀ ਹਾਜ਼ਰੀ ਦੌਰਾਨ ਕਿਸੇ ਦੇ ਸੰਪਰਕ ਵਿੱਚ ਆਇਆ ਹੋਵੇ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਦਫਤਰ ਦੇ ਮੁਖੀ ਨੂੰ ਤੁਰੰਤ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 'ਤੇ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਅਗਲੇਰੀ ਲੋੜੀਂਦੀ ਕਾਰਵਾਈ ਕਰਕੇ ਡਾਕਟਰੀ ਸਹੂਲਤ ਲੈਣ ਵਿਚ ਸਹਾਇਤਾ ਮਿਲ ਸਕੇ। ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰਾਂ ਤੇ ਸਟਾਫ ਅਤੇ ਦਫਤਰ ਵਿੱਚ ਹਾਜ਼ਰੀ ਦੌਰਾਨ ਹੋਣ ਵਾਲੇ ਸੰਪਰਕਾਂ ਸਬੰਧੀ ਸਾਰੇ ਤੱਥਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।