ਚੰਡੀਗੜ੍ਹ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਬਾਰਡਰ ’ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਧਰਨੇ ’ਤੇ ਬੈਠੇ ਹੋਏ ਹਨ। ਇਸ ਦੌਰਾਨ 26 ਜਨਵਰੀ ਨੂੰ ਹੋਈ ਘਟਨਾ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਇੱਕ ਕਮੇਟੀ ਬਣਾਈ ਸੀ ਅਤੇ 26 ਜਨਵਰੀ ਨੂੰ ਹੋਈ ਘਟਨਾ ਦੇ ਸਬੰਧ ’ਚ ਪੂਰੀ ਡਿਟੇਲ ਰਿਪੋਰਟ ਮੰਗੀ ਸੀ। ਜਿਸ ਸਬੰਧੀ ਕਮੇਟੀ ਨੇ ਰਿਪੋਰਟ ਨੂੰ ਜਮਾ ਕਰਵਾ ਦਿੱਤਾ ਹੈ। ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 80 ਤੋਂ ਜਿਆਦਾ ਕਿਸਾਨਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ। 26 ਜਨਵਰੀ ਦੀ ਘਟਨਾ ਦਾ ਜ਼ਿਕਰ ਰਿਪੋਰਟ ’ਚ ਕੀਤਾ ਗਿਆ ਹੈ।
'ਬਣਦੀ ਕਾਰਵਾਈ ਕੀਤੀ ਜਾਵੇਗੀ'
ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵੈਦ ਅਤੇ ਹੋਰ ਮੈਂਬਰਾਂ ਨੇ ਉਨ੍ਹਾਂ ਨੂੰ ਰਿਪੋਰਟ ਸੌਂਪੀ ਹੈ। ਇਸ ਰਿਪੋਰਟ ’ਚ ਕਿਸਾਨ ਅੰਦੋਲਨ ਦੇ ਦੌਰਾਨ ਵੱਖ-ਵੱਖ ਥਾਂਵਾਂ ’ਤੇ ਹੋਏ ਪ੍ਰੋਗਰਾਮ ਅਤੇ ਸਾਰੀ ਘਟਨਾ ਦੀ ਜਾਣਕਾਰੀ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ’ਚ ਰਿਪੋਰਟ ਦੀ ਜਾਂਚ ਕਰਨ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਸਪੀਕਰ ਨੂੰ ਦਿੱਤਾ ਗਿਆ ਸੀ ਕਮੇਟੀ ਬਣਾਉਣ ਦਾ ਅਧਿਕਾਰ
ਕਾਬਿਲੇਗੌਰ ਹੈ ਕਿ 5 ਮਾਰਚ 2021 ਨੂੰ ਸਦਨ ’ਚ ਇਹ ਮੰਗ ਰੱਖੀ ਸੀ ਕਿ ਨਵੀਂ ਦਿੱਲੀ ’ਚ ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬ ਤੋਂ ਗਏ ਕਿਸਾਨਾਂ ਅਤੇ ਨੌਜਵਾਨਾਂ ’ਤੇ ਕੀਤੀ ਗਈ ਪੁਲਿਸ ਦੀ ਕਾਰਵਾਈ ਦੀ ਜਾਂਚ ਦੇ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇ, ਇਸ ਕਮੇਟੀ ਨੂੰ ਬਣਾਉਣ ਦੇ ਸਾਰੇ ਅਧਿਕਾਰ ਸਪੀਕਰ ਨੂੰ ਸੌਂਪ ਦਿੱਤੇ ਗਏ ਸੀ।