ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਢੀਂਡਸਾ ਦੇ ਜਵਾਨ ਪਲਵਿੰਦਰ ਸਿੰਘ ਦੀ ਕਾਰਗਿਲ ਵਿੱਚ ਮੌਤ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਲਵਿੰਦਰ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ, "ਕੁਝ ਦਿਨ ਪਲਵਿੰਦਰ ਦੀ ਸੈਨਿਕ ਗੱਡੀ ਦਰਾਸ ਨਦੀ ਵਿੱਚ ਡਿੱਗ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ, ਪਲਵਿੰਦਰ ਦੀ ਮੌਤ ਬਾਰੇ ਸੁਣ ਕੇ ਦੁੱਖ ਲੱਗਿਆ, ਉਸ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਜੈ ਹਿੰਦ!"
ਜ਼ਿਕਰ ਕਰ ਦਈਏ ਕਿ ਪਿੰਡ ਢੀਂਡਸਾ ਦਾ ਜਵਾਨ ਪਲਵਿੰਦਰ ਕਾਰਗਿਲ ਵਿੱਚ ਡਿਊਟੀ ਦੌਰਾਨ ਲਾਪਤਾ ਹੋ ਗਿਆ ਸੀ। ਉਸ ਦੀ ਫ਼ੌਜੀ ਜਿਪਸੀ 22 ਜੂਨ ਨੂੰ ਦਰਾਸ ਦਰਿਆ ਵਿੱਚ ਡਿੱਗ ਗਈ ਸੀ। ਤਕਰੀਬਨ 4 ਦਿਨਾਂ ਬਾਅਦ ਜਿਪਸੀ ਤਾਂ ਦਰਿਆ ਵਿੱਚੋਂ ਕੱਢ ਲਈ ਗਈ ਸੀ ਪਰ ਪਲਵਿੰਦਰ ਦਾ ਕੋਈ ਪਤਾ ਨਹੀਂ ਲੱਗਿਆ। ਤਕਰੀਬਨ 17 ਦਿਨਾਂ ਬਾਅਦ ਪਲਵਿੰਦਰ ਦੀ ਮ੍ਰਿਤਕ ਦੇਹ ਨੂੰ ਨਦੀ ਵਿੱਚੋਂ ਕੱਢਿਆ ਗਿਆ।
ਪਲਵਿੰਦਰ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਲਿਆਂਦਾ ਗਿਆ ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਪਲਵਿੰਦਰ ਦੇ ਭਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਭਰਾ ਦੀ ਮੌਤ ਡਿਊਟੀ ਦੌਰਾਨ ਹੋਈ ਹੈ ਇਸ ਲਈ ਸਰਕਾਰ ਉਸ ਨੂੰ ਸ਼ਹੀਦ ਦਾ ਦਰਜਾ ਦੇਵੇ।
ਜ਼ਿਕਰ ਕਰ ਦਈਏ ਕਿ ਪਿਛਲੇ ਤਕਰੀਬਨ 1 ਮਹੀਨੇ ਵਿੱਚ ਪੰਜਾਬ ਵਿੱਚ 6 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਆ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 4 ਚੀਨ ਨਾਲ ਵਿਵਾਦ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ ਸਨ। ਇਸ ਤੋਂ ਇਲਾਵਾ ਇੱਕ ਜਵਾਨ ਪੁਲਵਾਮਾ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ ਹੈ। ਲੰਘੇ ਕੱਲ੍ਹ ਪਲਵਿੰਦਰ ਸਿੰਘ ਦੀ ਲਾਸ਼ ਉਸ ਦੇ ਜੱਦੀ ਪਿੰਡ ਪੁੱਜੀ ਹੈ।