ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਨਤੀ ਤੋਂ ਬਾਅਦ ਹੀ ਵੋਟਿੰਗ ਦੀ ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਨਾਲ ਹੀ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਜਿਹਾ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ।
ਆਸ਼ੂ ਬਾਂਗੜ ਨੇ ਕਾਂਗਰਸ ਦਾ ਫੜਿਆ ਪੱਲਾ
ਇਸੇ ਦੌਰਾਨ ਆਸ਼ੂ ਬਾਂਗੜ ਨੇ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਪੱਲਾ ਫੜ ਲਿਆ। ਆਸ਼ੂ ਬਾਂਗੜ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਸੀ। ਉਹ ਫਿਰੋਜਪੁਰ ਦਿਹਾਤੀ ਤੋਂ ਆਪ ਦੇ ਉਮੀਦਵਾਰ ਸੀ ਪਰ ਉਨ੍ਹਾਂ ਪਾਰਟੀ ਦੇ ਸਹਿ ਪ੍ਰਭਾਰੀ ਰਾਘਵ ਚੱਡਾ ’ਤੇ ਦਬਾਅ ਬਣਾਉਣ ਦਾ ਦੋਸ਼ ਲਗਾਉਂਦਿਆਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਤੇ ਸੋਮਵਾਰ ਨੂੰ ਚੰਨੀ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਪੱਲਾ ਫੜ ਲਿਆ।
ਚੰਨੀ ਨੇ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਕੀਤਾ ਧੰਨਵਾਦ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਚੋਣਾਂ ਦੀ ਤਰੀਕ ਬਦਲਣ ਲਈ ਚੋਣ ਕਮਿਸ਼ਨ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ 14 ਫਰਵਰੀ ਨੂੰ ਕੋਈ ਵੋਟਿੰਗ ਨਹੀਂ ਹੋਣੀ ਚਾਹੀਦੀ ਕਿਉਂਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਹੈ।
ਚੋਣ ਕਮਿਸ਼ਨ ਨੇ ਮੇਰਾ ਸੁਝਾਅ ਮੰਨ ਕੇ ਬਦਲ ਦਿੱਤੀਆਂ ਤਰੀਕਾਂ
ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੈਅੰਤੀ ਮੌਕੇ ਲੱਖਾਂ ਸ਼ਰਧਾਲੂ ਵਾਰਾਣਸੀ ਆਉਂਦੇ ਹਨ, ਜਿਸ ਕਾਰਨ ਉਹ ਵੋਟ ਪਾਉਣ ਤੋਂ ਵਾਂਝੇ ਰਹਿ ਸਕਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਫੋਨ ਵੀ ਆਏ ਸਨ ਕਿ ਤਰੀਕਾਂ ਬਦਲੀਆਂ ਜਾਣ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਚੋਣ ਕਮਿਸ਼ਨ ਨੇ ਮੇਰਾ ਸੁਝਾਅ ਮੰਨ ਲਿਆ ਹੈ ਅਤੇ ਤਰੀਕਾਂ ਬਦਲ ਦਿੱਤੀਆਂ ਹਨ।
ਬਾਹਰੋਂ ਆਏ ਲੋਕ ਖਰਾਬ ਕਰ ਰਹੇ ਹਨ ਪੰਜਾਬ ਦਾ ਮਾਹੌਲ
ਉੱਥੇ ਹੀ ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਬਾਹਰੋਂ ਆਏ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੇ ਪੀਸੀ ਕਰ ਕੇ ਕਿਸਾਨਾਂ ਨੂੰ ਗਲਤ ਕਿਹਾ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਣ ਦੀਆਂ ਖਬਰਾਂ ਪੂਰੇ ਪੰਜਾਬ ਤੋਂ ਆ ਰਹੀਆਂ ਹਨ।
ਆਮ ਆਦਮੀ ਪਾਰਟੀ ਤੋਂ ਪਿਛਲੀਆਂ ਚੋਣਾਂ 'ਚ ਅਰਬਾਂ ਰੁਪਏ ਦੇ ਖਰਚੇ ਦਾ ਮੰਗਿਆ ਹਿਸਾਬ
ਇਸ ਦੇ ਨਾਲ ਹੀ ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ ਆਮ ਆਦਮੀ ਪਾਰਟੀ ਤੋਂ ਪਿਛਲੀਆਂ ਚੋਣਾਂ 'ਚ ਅਰਬਾਂ ਰੁਪਏ ਦੇ ਖਰਚੇ ਦਾ ਹਿਸਾਬ ਮੰਗਦੇ ਹਨ। ਜੇਕਰ ਆਮ ਆਦਮੀ ਪਾਰਟੀ ਕਿਸਾਨ ਮੋਰਚਾ ਤੋਂ ਹਿਸਾਬ ਮੰਗ ਰਹੀ ਹੈ ਤਾਂ ਪਾਰਟੀ ਨੂੰ ਵੀ ਖੁਦ ਹਿਸਾਬ ਦੇਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਇਨ੍ਹਾਂ ਨੀਤੀਆਂ ਕਾਰਨ ਪਾਰਟੀ ਦੇ 20 ਵਿੱਚੋਂ 10 ਵਿਧਾਇਕ ਪਾਰਟੀ ਛੱਡ ਚੁੱਕੇ ਹਨ।
ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਬਣਾਵਾਂਗੇ ਉਮੀਦਵਾਰ
ਇਸ ਦੇ ਨਾਲ ਹੀ ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੇਰੇ ਨਾਲ ਬੈਠੇ ਅਮਨਦੀਪ ਸਿੰਘ ਆਸ਼ੂ ਬੰਗੜ ਨੂੰ ਅਸੀਂ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਬਣਾਵਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਾਂਗ ਹੀ ਪੰਜਾਬ ਦੇ ਨੌਜਵਾਨ ਕੁਰਾਹੇ ਪਏ ਹਨ ਅਤੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਧੋਖਾ ਦਿੱਤਾ ਜਾ ਰਿਹਾ ਹੈ। ਉਹ ਸਹੀ ਰਸਤੇ 'ਤੇ ਹੈ ਅਤੇ ਉਹ ਸਹੀ ਰਸਤਾ ਚੁਣ ਰਿਹਾ ਹੈ। ਕਿਉਂਕਿ ਜ਼ਿਆਦਾਤਰ ਨੌਜਵਾਨ ਆਮ ਆਦਮੀ ਪਾਰਟੀ ਨੂੰ ਕ੍ਰਾਂਤੀਕਾਰੀ ਪਾਰਟੀ ਸਮਝਦੇ ਹਨ ਅਤੇ ਅਸਲ ਵਿੱਚ ਕੁਝ ਹੋਰ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ।
ਆਮ ਆਦਮੀ ਪਾਰਟੀ ਇੱਕ ਉਤਪਾਦ ਵੇਚਣ ਵਾਲੀ ਕੰਪਨੀ ਵਾਂਗ
ਉਕਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਉਤਪਾਦ ਵੇਚਣ ਵਾਲੀ ਕੰਪਨੀ ਵਾਂਗ ਹੈ। ਜੋ ਬਾਜ਼ਾਰ ਵਿੱਚ ਆਪਣਾ ਮਾਲ ਵੇਚਣ ਲਈ ਕੁਝ ਵੀ ਕਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ। ਉੱਥੇ ਹੀ ਲੋਕਾਂ ਨੂੰ ਠੱਗਿਆ ਜਾਂਦਾ ਹੈ।
ਰਾਘਵ ਚੱਢਾ ਦਾ ਵਿਵਹਾਰ ਬਹੁਤ ਮਾੜਾ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਅਜਿਹੀਆਂ ਹੀ ਨੀਤੀਆਂ ਕਾਰਨ ਮੈਂ ਪਾਰਟੀ ਛੱਡੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਰਾਘਵ ਚੱਢਾ ਦਾ ਵਿਵਹਾਰ ਬਹੁਤ ਮਾੜਾ ਹੈ।
ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਜੋ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਅੰਦਰ ਆਪਣੇ ਆਪ ਨੂੰ ਦਬਾਅ ਹੇਠ ਮਹਿਸੂਸ ਕਰ ਰਹੇ ਹਨ ਅਤੇ ਇਸ ਦਾ ਕਾਰਨ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵਤੀਰਾ ਹੈ। ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ। ਪਰ ਪੰਜਾਬ ਦੇ ਲੀਡਰਾਂ ਪ੍ਰਤੀ ਉਹਨਾਂ ਦੀ ਕੋਈ ਇੱਜ਼ਤ ਨਹੀਂ।
ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪਾਰਟੀ ਟਿਕਟ ਦਿਵਾਉਣ ਲਈ ਪੈਸੇ ਵੀ ਦਿੱਤੇ ਸਨ। ਤਾਂ ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਮਾਂ ਆਉਣ 'ਤੇ ਉਹ ਸਬੂਤਾਂ ਸਮੇਤ ਸਭ ਕੁਝ ਪੇਸ਼ ਕਰਨਗੇ। ਪਰ ਇਸਦੇ ਲਈ ਮੀਡੀਆ ਨੂੰ ਵੀ ਥੋੜਾ ਇੰਤਜ਼ਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ:'ਪੰਜਾਬ 'ਚ ਚੋਣਾਂ ਦਾ ਬਦਲਿਆ ਦਿਨ, 20 ਫਰਵਰੀ ਨੂੰ ਪੈਣਗੀਆਂ ਵੋਟਾਂ'