ਚੰਡੀਗੜ੍ਹ:ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਆਪਣੇ 'ਤੇ ਲਾਏ ਗਏ ਬੇਬੁਨਿਆਦ ਅਤੇ ਬੇਤੁਕੇ ਦੋਸ਼ਾਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਪੰਜਾਬ ਭਰ 'ਚ ਰੇਤ ਦੀ ਖੁਦਾਈ 'ਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਦਾ ਇੱਕ ਵੀ ਸਬੂਤ ਪੇਸ਼ ਕਰਨ ਲਈ ਕਿਹਾ ਹੈ।
'ਭਤੀਜੇ ਨਾਲ ਫੋਟੋ ਕਰਵਾਉਣਾ ਨਹੀਂ ਗੁਨਾਹ'
ਚੰਨੀ ਨੇ ਕਿਹਾ ਕਿ “ਮੈਂ ਆਪਣੇ ਭਤੀਜੇ ਭੁਪਿੰਦਰ ਸਿੰਘ ਹਨੀ ਨਾਲ ਆਪਣੇ ਸਬੰਧਾਂ ਤੋਂ ਕਦੇ ਇਨਕਾਰ ਨਹੀਂ ਕੀਤਾ ਅਤੇ ਰਿਸ਼ਤੇਦਾਰ ਹੋਣ ਦੇ ਨਾਤੇ ਉਹ ਮੇਰੇ ਕਿਸੇ ਸਮਾਗਮ ਵਿੱਚ ਹਾਜ਼ਰ ਹੋ ਸਕਦਾ ਹੈ। ਉਨ੍ਹਾਂ ਕਿਾਹ ਕਿ ਜੇ ਮੈਂ ਆਪਣੇ ਪੁੱਤਰ ਦੇ ਵਿਆਹ ਜਾਂ ਕਿਸੇ ਹੋਰ ਸਮਾਗਮ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਫੋਟੋ ਖਿਚਵਾਉਂਦਾ ਹਾਂ ਤਾਂ ਇਹ ਕੋਈ ਜ਼ੁਰਮ ਨਹੀਂ ਹੈ।”
'ਭਾਜਪਾ ਦੇ ਇਸ਼ਾਏ 'ਤੇ ਕਰ ਰਹੇ ਮਜੀਠੀਆ'
ਮਜੀਠੀਆ ਵੱਲੋਂ ਚੰਨੀ ਖਿਲਾਫ਼ ਖੋਲ੍ਹੇ ਮੋਰਚੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਜੀਠੀਆ ਭਾਜਪਾ ਸਰਕਾਰ ਦੇ ਇਸ਼ਾਰਿਆਂ ’ਤੇ ਅਜਿਹਾ ਕੁਝ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਵਿਰੁੱਧ ਐਨਡੀਪੀਐਸ ਤਹਿਤ ਕੇਸ ਦਰਜ ਕਰਨ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
'ਨਸ਼ੇ ਦੇ ਵਪਾਰੀਆਂ ਨੂੰ ਪਨਾਹ ਦੇਣ ਦੇ ਸੀ ਦੋਸ਼'
ਮਜੀਠੀਆ 'ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ, “ਮੈਂ ਮਜੀਠੀਆ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਨਸ਼ਾ ਤਸਕਰਾਂ ਨਾਲ ਉਸਦੇ ਸੰਬੰਧਾਂ ਦੇ ਮਾਮਲੇ ਵਿੱਚ ਈਡੀ ਨੇ ਉਸਦੀ ਜਾਂਚ ਕੀਤੀ ਸੀ ਅਤੇ ਨਸ਼ਿਆਂ ਦੇ ਸੌਦਾਗਰ ਨੂੰ ਪਨਾਹ ਦੇਣ ਅਤੇ ਨਸ਼ਿਆਂ ਦੀ ਤਸਕਰੀ ਦੀ ਸਹੂਲਤ ਦੇਣ ਲਈ ਉਸ ਦਾ ਨਾਮ ਲਿਆ ਸੀ। ਮਜੀਠੀਆ ਦੀਆਂ ਫੋਟੋਆਂ ਉਨ੍ਹਾਂ ਦੇ ਨਾਲ ਸਨ, ਕੀ ਇਸ ਦਾ ਮਤਲਬ ਉਹ ਉਨ੍ਹਾਂ ਨੂੰ ਜਾਣਦਾ ਸੀ ਅਤੇ ਉਨ੍ਹਾਂ ਨੂੰ ਪਨਾਹ ਦਿੰਦਾ ਸੀ?”