ਮੋਗਾ : ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਉਸੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਰਾਤ ਬਿਤਾਈ ਜਿੱਥੇ ਉਹ ਸਾਲ 2016 'ਚ ਸਾਈਕਲ ਯਾਤਰਾ ਦੌਰਾਨ ਰੁਕੇ ਸਨ।
ਮੁੱਖ ਮੰਤਰੀ ਚੰਨੀ ਜਦੋਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸਨ ਤਾਂ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਪੰਜਾਬੀਆਂ ਨੂੰ ਜਾਣੂੰ ਕਰਵਾਉਣ ਲਈ ਸੂਬੇ ਭਰ 'ਚ ਸਾਈਕਲ ਯਾਤਰਾ ਕੱਢੀ ਸੀ।
ਜਦੋਂ ਇਹ ਯਾਤਰਾ ਮੋਗਾ ਪਹੁੰਚੀ ਸੀ ਤਾਂ ਮੁੱਖ ਮੰਤਰੀ ਚੰਨੀ ਨੇ ਪਿੰਡ ਚੰਦ ਪੁਰਾਣਾ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਰਾਤ ਬਿਤਾਈ ਸੀ। ਹਾਲਾਂਕਿ, ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਜਦੋਂ ਉਨ੍ਹਾਂ ਨੇ ਮੋਗਾ ਦੇ ਦੌਰੇ ਦੌਰਾਨ ਕਈ ਸਮਾਗਮਾਂ 'ਚ ਸ਼ਿਰਕਤ ਕੀਤੀ ਤਾਂ ਉਹ ਕਿਸੇ ਹੋਟਲ, ਰੈਸਟ ਹਾਊਸ ਜਾਂ ਕਿਸੇ ਪਾਰਟੀ ਲੀਡਰ ਦੇ ਆਲੀਸ਼ਾਨ ਘਰ 'ਚ ਰੁਕਣ ਦੀ ਥਾਂ ਇਸ ਗੁਰਦੁਆਰਾ ਸਾਹਿਬ ਵਿਖੇ ਰੁਕਣ ਲਈ ਪਹੁੰਚੇ।
ਮੁੱਖ ਮੰਤਰੀ ਚੰਨੀ ਸ਼ਾਮ 6.40 ਵਜੇ ਇੱਥੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨਾਲ ਇਸ ਪਾਵਨ ਅਸਥਾਨ ਉਤੇ ਮੱਥਾ ਟੇਕਿਆ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਲੰਗਰ ਵੀ ਛਕਿਆ। ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਸਿਰੋਪਾਓ ਵੀ ਬਖਸ਼ਿਸ਼ ਕੀਤਾ।