ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਚੋਣਾਂ ਦੇ ਚੱਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਵਿਖੇ ਚੋਣ ਰੈਲੀ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਪਹਿਲਾਂ ਹੀ ਰਾਜਨੀਤੀਕ ਹਲਚਲ ਤੇਜ਼ ਹੋ ਗਈ ਹੈ।
ਪੀਐੱਮ ਮੋਦੀ ਦੀ ਰੈਲੀ ਦੇ ਚੱਲਦਿਆ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜ਼ਾਜ਼ਤ ਨਹੀਂ ਮਿਲੀ ਜਿਸ ਕਾਰਨ ਉਹ ਹੁਸ਼ਿਆਰਪੁਰ ਹੋ ਰਹੀ ਰੈਲੀ ’ਚ ਸ਼ਾਮਲ ਨਹੀਂ ਹੋ ਸਕੇ। ਹਾਲਾਂਕਿ ਲੰਬੇ ਇੰਤਜ਼ਾਰ ਤੋਂ ਬਾਅਦ ਸੀਐੱਮ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜ਼ਾਜਤ ਮਿਲ ਗਈ ਜਿਸ ਤੋਂ ਬਾਅਦ ਹੁਣ ਉਹ ਗੁਰਦਾਸਪੁਰ ਰੈਲੀ ਚ ਸ਼ਾਮਲ ਹੋਣਗੇ।
2 ਘੰਟੇ ਬਾਅਦ ਮਿਲੀ ਇਜ਼ਾਜਤ
ਫਿਲਹਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਗੁਰਦਾਸਪੁਰ ਵਿਖੇ ਹੋਣ ਵਾਲੀ ਰੈਲੀ ’ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪੀਐੱਮ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਨੋ ਫਲਾਇੰਗ ਜੋਨ ਬਣਾਇਆ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਮੁੱਖ ਮੰਤਰੀ ਆਪਣੇ ਸਰਕਾਰੀ ਨਿਵਾਸ ਗਏ ਅਤੇ ਉੱਥੇ ਉਨ੍ਹਾਂ ਨੇ ਵਰਚੁਅਲ ਮੀਟਿੰਗ ਕਰ ਆਪਣੇ ਚਾਪਰ ਨੂੰ ਉੱਡਣ ਦੀ ਇਜਾਜ਼ਤ ਮੰਗੀ। ਜਿਸਤੋਂ ਬਾਅਦ ਤਕਰੀਬਨ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਇਜ਼ਾਜਤ ਮਿਲੀ। ਹਾਲਾਂਕਿ ਕਾਂਗਰਸ ਦੀ ਹੁਸ਼ਿਆਰਪੁਰ ਰੈਲੀ ਖਤਮ ਹੋ ਚੁੱਕੀ ਹੈ ਹੁਣ ਸੀਐੱਮ ਗੁਰਦਾਸਪੁਰ ਦੀ ਰੈਲੀ ਚ ਸ਼ਾਮਲ ਹੋਣਗੇ।