ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ (Chief Minister Charanjit Singh) ਵੱਲੋਂ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈਕੇ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਚੰਨੀ ਦਾ ਨਵਜੋਤ ਸਿੱਧੂ (Navjot Singh Sidhu) ਵੱਲੋਂ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਚੰਨੀ ਨੇ ਸਿੱਧੂ ਦੇ ਅਸਤੀਫੇ ਬਾਰੇ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸਿੱਧੂ ਦੇ ਅਸਤੀਫੇ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਨਾਲ ਹੀ ਕਿਹਾ ਪਾਰਟੀ ਦੇ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਆਦੇਸ਼ ਨਹੀਂ ਆਇਆ ਹੈ। ਇਸ ਮੌਕੇ ਚੰਨੀ ਨੇ ਕਿਹਾ ਕਿ ਉਹ ਸਿੱਧੂ ਨਾਲ ਬੈਠ ਕੇ ਗੱਲਬਾਤ ਕਰਨਗੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਦੀ ਵਜ੍ਹਾ ਦਾ ਉਨ੍ਹਾਂ ਨੂੰ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ। ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂੂ ਉੱਪਰ ਉਨ੍ਹਾਂ ਨੂੰ ਪੂਰਾ ਭਰੋਸਾ ਹੈ।
ਮੀਡੀਆ ਵੱਲੋਂ ਸੀਐੱਮ ਨੂੰ ਜਦੋਂ ਪੁੱਛਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੇ ਅਸਤੀਫੇ ਤੇ ਬਿਆਨ ਦਿੱਤਾ ਗਿਆ ਹੈ ਤਾਂ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਿਸੇ ਵੱਲੋਂ ਦਿੱਤੇ ਗਏ ਬਿਆਨ ਵਿੱਚ ਨਹੀਂ ਪੈਣਾ ਚਾਹੁੰਦੇ। ਚੰਨੀ ਨੇ ਕਿਹਾ ਕਿ ਸਿੱਧੂ ਪਾਰਟੀ ਪ੍ਰਧਾਨ ਹਨ ।ਮੀਡੀਆ ਵੱਲੋਂ ਵਾਰ-ਵਾਰ ਪੁੱਛਣ ਤੇ ਉਨ੍ਹਾਂ ਕਿਹਾ ਕਿ ਜੇ ਸਿੱਧੂ ਨੂੰ ਕਿਸੇ ਗੱਲ ਦੀ ਨਾਰਾਜ਼ਗੀ ਹੋਈ ਤਾਂ ਸਭ ਠੀਕ ਹੋ ਜਾਵੇਗਾ।
ਇਸ ਦੌਰਾਨ ਚੰਨੀ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਜਾਣ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਚੰਨੀ ਨੇ ਕਿਹਾ ਕਿ ਉਹ ਸਾਡੇ ਸਾਬਕਾ ਮੁੱਖ ਮੰਤਰੀ ਹਨ ਤੇ ਉਹ ਦਿੱਲੀ ਤੋਂ ਪੰਜਾਬ ਦੇ ਲਈ ਕੁਝ ਬਿਹਤਰ ਹੀ ਲੈਕੇ ਆਉਣਗੇ।
ਇਸ ਮੌਕੇ ਸੀਐੱਮ ਚੰਨੀ ਦਾ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਸਾਨੀ ਮੁੱਦੇ ਉੱਪਰ ਬੋਲਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਅਹਿਮ ਕਦਮ ਚੁੱਕਦੇ ਕਿਸਾਨਾਂ ਦੇ 2 ਲੱਖ ਦੇ ਕਰਜ਼ੇ ਮੁਆਫ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰ ਨੂੰ ਖੁਸ਼ਹਾਲ ਕਰਨਾ ਚਾਹੁੰਦੀ ਹੈ।ਚੰਨੀ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਕਿਸਾਨ ਸ਼ਹੀਦ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਨੂੰ ਉਹ ਨੌਕਰੀ ਦੇ ਕੇ ਆਏ ਹਨ।