ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਆਏ ਦਿਨ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਜਿਥੇ ਇੱਕ ਪਾਸੇ ਕਾਂਗਰਸ ਹਾਈ ਕਮਾਨ ਵੱਲੋਂ ਚੰਨੀ ਮੁੱਖ ਮੰਤਰੀ ਬਣਾ ਕੇ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਖ਼ਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਸੀ, ਉਥੇ ਹੀ ਇਹ ਕਲੇਸ਼ ਹੁਣ ਘੱਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ।
ਪੰਜਾਬ ਕਾਂਗਰਸ 'ਚ ਮੁੜ ਆਇਆ ਸਿਆਸੀ ਭੂਚਾਲ
ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਸਿਆਸੀ ਭੂਚਾਲ ਆ ਚੁੱਕਿਆ ਹੈ। ਕੈਬਨਿਟ ਮੰਤਰੀ ਤੋਂ ਲੈ ਕੇ ਕਈ ਹੋਰ ਵੱਡੇ ਆਗੂ ਅਸਤੀਫੇ ਦੇ ਚੁੱਕੇ ਹਨ। ਇੰਨ੍ਹਾਂ ਅਸਤੀਫਿਆਂ ਨੇ ਚੰਨੀ ਸਰਕਾਰ ਨੂੰ ਨਵੀਂ ਬਿਪਤਾ ਵਿੱਚ ਪਾ ਦਿੱਤਾ ਹੈ।
ਸਿੱਧੂ ਨੂੰ ਮਨਾਉਣ ਪੁੱਜੇ ਕਈ ਸਿਆਸੀ ਆਗੂ
ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦਿੱਤੇ ਜਾਣ ਮਗਰੋਂ ਉਨ੍ਹਾਂ ਦੀ ਰਿਹਾਇਸ਼ ਤੇ ਪਰਗਟ ਸਿੰਘ (Pargat Singh), ਰਜ਼ੀਆ ਸੁਲਤਾਨਾ ਸਣੇ ਹੋਰ ਵੀ ਕਈ ਵੱਡੇ ਕਾਂਗਰਸੀ ਆਗੂ ਉਨ੍ਹਾਂ ਨੂੰ ਮਿਲਣ ਲਈ ਪੁੱਜੇ। ਹਾਲਾਂਕਿ ਇਨ੍ਹਾਂ ਮੁਲਾਕਾਤਾਂ ਨੂੰ ਲੈ ਕੇ ਕੋਈ ਵੀ ਅਹਿਮ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮੁੱਖ ਮੰਤਰੀ ਵੱਲੋਂ ਦੇਰ ਰਾਤ ਤੱਕ ਕੀਤੀ ਗਈ ਮੀਟਿੰਗ
ਕਾਂਗਰਸ ਪਾਰਟੀ ਵਿਚ ਆਏ ਸਿਆਸੀ ਭੁਚਾਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਦੇਰ ਰਾਤ ਸਾਢੇ ਅੱਠ ਵਜੇ ਤੱਕ ਆਪਣੇ ਕੁੱਝ ਸਾਥੀ ਵਜ਼ੀਰਾਂ ਨਾਲ ਲੰਬੀ ਮੀਟਿੰਗ ਕੀਤੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੁੜ ਆਏ ਸਿਆਸੀ ਭੂਚਾਲ ਨੇ ਮੁੱਖ ਮੰਤਰੀ ਦੀ ਨੀਂਦਾ ਨੂੰ ਉਡਾ ਦਿੱਤੀ ਹੈ। ਹਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਦੀ ਜੋ ਵੀ ਨਾਰਾਜ਼ਗੀ ਹੋਵੇਗੀ ਉਹ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਮੇਰਾ ਪੁਰਾਣਾ ਦੋਸਤ ਹੈ ਤੇ ਉਸ’ਤੇ ਵਿਸ਼ਵਾਸ ਹੈ, ਮੈਂ ਸਭ ਕੁੱਝ ਠੀਕ ਕਰ ਦਿਆਂਗਾ ।
ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਟਵੀਟ
ਇਸ ਨੂੰ ਲੈ ਕੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਪੋਸਟ ਟਵੀਟ ਕੀਤੀ ਹੈ। ਇਸ 'ਚ ਉਨ੍ਹਾਂ ਲਿਖਿਆ, " ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨਾਲ ਚੰਡੀਗੜ੍ਹ ਵਿਖੇ ਸਾਡੀ ਰਿਹਾਇਸ਼ 'ਤੇ ਮੁੜ ਦੇਰ ਰਾਤ ਤੱਕ ਚਰਚਾ ਜਾਰੀ ਹੈ। "
ਮੁੱਖ ਮੰਤਰੀ ਨੇ ਸੱਦੀ ਐਮਰਜੈਂਸੀ ਕੈਬਨਿਟ ਬੈਠਕ
ਇਸ ਸਿਆਸੀ ਸੰਕਟ ’ਚੋ ਬਾਹਰ ਨਿਕਲਣ ਲਈ ਮੁੱਖ ਮੰਤਰੀ ਚੰਨੀ ਨੇ ਅੱਜ ਐਮਰਜੈਂਸੀ ਕੈਬਨਿਟ ਬੈਠਕ ਸੱਦੀ ਹੈ। ਇਸ ਬੈਠਕ ਨੂੰ ਲੈ ਕੇ ਸਿਆਸੀ ਹਲਕਿਆਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਚੱਲਦੇ ਹੀ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਨੂੰ ਲੈ ਕੇ ਬੇਹਦ ਅਹਿਮ ਰਹਿਣ ਵਾਲਾ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਹੋਰ ਆਗੂਆਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਲੈ ਕੇ ਜਿੱਥੇ ਤਸਵੀਰ ਸਾਫ ਹੋਵੇਗੀ ਉੱਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਵੱਡਾ ਧਮਾਕਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫ਼ੇ ਦੀ IN SIDE ਸਟੋਰੀ