ਚੰਡੀਗੜ੍ਹ: ਸੂਬੇ ਭਰ ਚ ਜਿੱਥੇ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਮੁਸਬਿਤ ਚ ਘਿਰਦੀ ਹੋਈ ਨਜਰ ਆ ਰਹੀ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਹੈ।
'ਮੇਰੇ ਅਤੇ ਭਰਾ ਚੰਨੀ 'ਚ ਨਹੀਂ ਕੋਈ ਮਤਭੇਦ'
ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦਾ ਕਹਿਣਾ ਕਿ ਮੈਂ ਬੱਸੀ ਪਠਾਣਾ ਤੋਂ ਆਜ਼ਾਦ ਚੋਣ ਲੜਾਂਗਾ। ਮੈਂ ਇਹ ਯਕੀਨੀ ਬਣਾਇਆ ਕਿ ਮੇਰੇ ਪੋਸਟਰਾਂ ਵਿੱਚ ਮੇਰੇ ਭਰਾ ਦੇ ਨਾਮ ਦਾ ਕੋਈ ਜ਼ਿਕਰ ਨਾ ਹੋਵੇ, ਪਰ ਕੁਝ ਲੋਕਾਂ ਨੇ ਮੇਰੇ ਨਾਲ ਮੇਰੇ ਭਰਾ ਦੇ ਨਾਮ ਦੀ ਵਰਤੋਂ ਕਰਕੇ ਬੈਨਰ ਬਣਾਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮੇਰੇ ਅਤੇ ਮੇਰੇ ਭਰਾ ਚਰਨਜੀਤ ਚੰਨੀ ਵਿੱਚ ਕੋਈ ਮਤਭੇਦ ਨਹੀਂ ਹੈ।
ਬਸੀ ਪਠਾਣਾ 'ਚ ਦਿਖਾ ਰਹੇ ਸੀ ਸਰਗਰਮੀ
ਦੱਸ ਦਈਏ ਕਿ ਡਾ. ਮਨੋਹਰ ਸਿੰਘ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਹਲਕਾ ਬਸੀ ਪਠਾਣਾ 'ਚ ਸਰਗਰਮੀਆਂ ਤੇਜ਼ ਸਨ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਰੈਲੀ ਵੀ ਕੀਤੀ ਗਈ ਸੀ। ਕਾਂਗਰਸ ਵੱਲੋਂ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਟਿਕਟ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਸ ਲਈ ਡਾ. ਮਨੋਹਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ।