ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ 26 ਅਤੇ 27 ਅਕਤੂਬਰ ਨੂੰ ਹੋਣ ਵਾਲੇ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਦੇ ਮੱਦੇਨਜ਼ਰ ਸ਼ਨੀਵਾਰ ਨੂੰ ਦੇਸ਼ ਅਤੇ ਦੁਨੀਆ ਭਰ ਦੇ ਉਦਯੋਗ ਜਗਤ ਦੇ ਮੋਹਰੀ ਉਦਯੋਗਪਤੀਆਂ (industrialist) ਨੂੰ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਭਕਾਰੀ ਸਨਅਤੀ ਉਤਸ਼ਾਹ ਦੇ ਚਲਦਿਆਂ ਇੱਥੇ ਨਿਵੇਸ਼ ਕਰਨ ਲਈ ਕਿਹਾ।
ਮੁੱਖ ਮੰਤਰੀ ਰਾਜ ਵਿੱਚ ਕੰਮ ਕਰ ਰਹੀਆਂ ਜਰਮਨ ਕੰਪਨੀਆਂ ਦੇ ਵਫ਼ਦ ਨਾਲ ਅੱਜ ਇੱਥੇ ਨਾਸ਼ਤੇ ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨਾਲ ਵੀ ਅਜਿਹੀ ਹੀ ਗੱਲਬਾਤ ਕੀਤੀ ਸੀ ਅਤੇ ਸੋਮਵਾਰ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ (Punjab Investment Summit) ਤੋਂ ਪਹਿਲਾਂ, ਉਨ੍ਹਾਂ ਦੇ ਕੀਮਤੀ ਸੁਝਾਵਾਂ ਅਤੇ ਫੀਡਬੈਕ ਲਈ ਹੋਰ ਉਦਯੋਗਪਤੀਆਂ ਨਾਲ ਮੁੜ ਮੀਟਿੰਗ ਕਰਨਗੇ।
ਗੱਲ ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ, ਉਦਯੋਗ ਦੀ ਭਾਈਵਾਲੀ ਦੇ ਨਾਲ ਕਾਰੋਬਾਰ, ਵਪਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੀ ਇੱਛਾ ਰੱਖਦਾ ਹੈ। ਚੰਨੀ ਨੇ ਕਿਹਾ ਕਿ ਰਾਜ ਵਿੱਚ 99 ਹਜ਼ਾਰ ਕਰੋੜ ਤੋਂ ਵੱਧ ਦਾ ਰੁਪਏ ਦਾ ਨਿਵੇਸ਼, ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਰਾਜ ਦੇ ਨੌਜਵਾਨਾਂ ਲਈ ਉੱਦਮੀਅਤਾ ਦੇ ਅਵਸਰ ਅਤੇ ਨੌਕਰੀਆਂ ਪੈਦਾ ਕਰਨ ਲਈ ਉਪਲਬਧ ਅਨੁਕੂਲ ਅਤੇ ਟਿਕਾਊ ਪ੍ਰਸਥਿਤੀ ਤੰਤਰ ਵਿੱਚ ਨਿਵੇਸ਼ਕਾਂ ਦੇ ਅਟੱਲ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੁਨੀਆ ਭਰ ਤੋਂ ਪੁੱਜੇ ਉਦਯੋਗਿਕ ਆਗੂਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ, ਪੰਜਾਬ ਨੂੰ ਇੱਕ ਪ੍ਰਗਤੀਸ਼ੀਲ ਭਾਈਵਾਲ ਵਜੋਂ ਅਤੇ ਸਭ ਤੋਂ ਤਰਜੀਹੀ ਮੰਜ਼ਿਲ ਵਜੋਂ ਚੁਣਨ 'ਤੇ ਜ਼ੋਰ ਦਿੱਤਾ।
ਚੰਨੀ ਨੇ ਅੱਗੇ ਕਿਹਾ ਕਿ ਉਦਯੋਗਪਤੀਆਂ ਨਾਲ ਇਹ ਸਲਾਹ-ਮਸ਼ਵਰੇ, ਸ਼ਾਸਨ ਵਿਵਸਥਾ 'ਚ ਸੁਧਾਰ ਲਿਆਉਣ ਵਿੱਚ ਬਹੁਤ ਸਹਾਈ ਸਿੱਧ ਹੋਣਗੇ ਅਤੇ ਇਸ ਤਰ੍ਹਾਂ ਰਾਜ ਵਿੱਚ ਕਾਰੋਬਾਰ ਕਰਨ ਵਿੱਚ ਸੌਖ ਯਕੀਨੀ ਬਣਾਈ ਜਾ ਸਕੇਗੀ।
ਮੀਟਿੰਗ ਦੌਰਾਨ, ਕੰਪਨੀ ਦੇ ਨੁਮਾਇੰਦਿਆਂ ਨੇ ਪੰਜਾਬ ਵਿੱਚ ਕੀਤੇ ਕੰਮਾਂ ਸਬੰਧੀ ਤਜਰਬਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਟੋ ਕੰਪੋਨੈਂਟ ਨਿਰਮਾਤਾ ਵਾਈਬਰਾਕਾਸਟਿਕਸ ਇੰਡੀਆ ਦੇ ਪ੍ਰਧਾਨ, ਸ੍ਰੀ ਜਗਮਿੰਦਰ ਬਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਸਥਿਤ ਉਨਾਂ ਦੇ ਪਲਾਂਟਾਂ ਵਿੱਚ ਸੰਚਾਲਨ ਦੀ ਸਮੁੱਚੀ ਕੁਸ਼ਲਤਾ ਜਰਮਨੀ ਵਿੱਚ ਸਥਿਤ ਉਨਾਂ ਦੇ ਦੂਜੇ ਪਲਾਂਟਾਂ ਵਾਂਗ ਹੀ ਹੈ।
ਇਸ ਦੌਰਾਨ ਖੇਤੀਬਾੜੀ ਉਪਕਰਨ ਨਿਰਮਾਤਾ ਕੰਪਨੀ ਕਲਾਸ ਇੰਡੀਆ ਦੇ ਰਾਮ ਕਨਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਮਜਬੂਤ ਸੰਪਰਕ ਅਤੇ ਸ਼ਾਂਤਮਈ ਕਿਰਤ ਸਬੰਧ ਉਦਯੋਗ ਲਈ ਬਹੁਤ ਉਤਸ਼ਾਹਜਨਕ ਹਨ। ਬਾਇਓਮਾਸ ਤੋਂ ਸੀਐਨਜੀ ਪਲਾਂਟ ਬਣਾਉਣ ਵਾਲੀ ਕੰਪਨੀ ਵਰਬੀਓ ਇੰਡੀਆ ਦੇ ਐਮਡੀ, ਅਸ਼ੀਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਉਨਾਂ ਦੇ ਸੰਗਰੂਰ ਵਿੱਚ ਸਥਾਪਿਤ ਹੋਣ ਵਾਲੇ ਪਹਿਲੇ ਪਲਾਂਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਨੇ ਲਗਭਗ 70 ਰੁਪਏ ਦੀ ਆਪਣੀ ਸ਼ੁਰੂਆਤੀ ਯੋਜਨਾ ਦੇ ਮੁਕਾਬਲੇ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਉਨਾਂ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਵਰਬੀਓ ਇੰਡੀਆ , ਪੰਜਾਬ ਵਿੱਚ ਕਈ ਥਾਵਾਂ ‘ਤੇ ਪੇਡਾ ਅਤੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਅਜਿਹੇ ਹੋਰ ਪਲਾਂਟ ਲਗਾਏਗਾ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਬਹੁ -ਗਿਣਤੀ ਸੰਗਠਨਾਂ ਨੂੰ ਪੂਰਨ ਸਹਿਯੋਗ ਦੇਵੇਗੀ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ ਰਜਤ ਅਗਰਵਾਲ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀਆਂ ਸਾਰੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਨੂੰ ਸੂਬੇ ਵਿੱਚ ਆਪਣੇ ਕਾਰੋਬਾਰਾਂ ਦੇ ਵਿਸਥਾਰ ਵਿੱਚ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਲੋਕਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਨਿਵੇਸ਼ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ, ਇਨਵੈਸਟ ਪੰਜਾਬ ਦੇ ਸੀ.ਈ.ਓ ਰਜਤ ਅਗਰਵਾਲ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਜਿਤੇਂਦਰ ਜੋਰਵਾਲ ਸ਼ਾਮਲ ਸਨ।
ਇਹ ਵੀ ਪੜ੍ਹੋ:ਮੌਜੂਦਾ ਸਰਕਾਰਾਂ ਨਹੀਂ ਲੈ ਰਹੀਆਂ ਕਿਸਾਨਾਂ ਦੀ ਸਾਰ: ਕੁਲਤਾਰ ਸਿੰਘ ਸੰਧਵਾਂ