ਚੰਡੀਗੜ੍ਹ: ਪੰਜਾਬੀ ਸਾਹਿਤ ਦੇ ਮਸ਼ਹੂਰ ਲੇਖਕ , ਸ਼੍ਰੋਮਣੀ ਸਾਹਿਤਕਤਾਰ ਅਤੇ ਅਧਿਆਪਕ ਡਾਕਟਰ ਕੁਲਦੀਪ ਸਿੰਘ ਧੀਰ ਦਾ ਸ਼ੁੱਕਰਵਾਰ ਦੀ ਰਾਤ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਕਰ ਦਿੱਤਾ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬੀ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਟਵੀਟ ਸੁਨੇਹੇ ਰਾਹੀਂ ਡਾਕਟਰ ਧੀਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦਿੱਤੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਹੈ ਕਿ "ਦਿਲ ਦੇ ਦੌਰੇ ਕਾਰਨ ਅਚਾਨਕ ਅਕਾਲ ਚਲਾਣਾ ਕਰ ਗਏ ਕੁਲਦੀਪ ਸਿੰਘ ਧੀਰ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਦਿਲੀ ਹਮਦਰਦੀ ਹੈ। ਉਨ੍ਹਾਂ ਨੇ ਆਪਣੇ ਜੀਵਨ ਵਿੱਚ 80 ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਵਿਗਿਆਨ ਨੂੰ ਪੰਜਾਬੀ ਸਾਹਿਤ ਨਾਲ ਜੋੜ ਕੇ ਬਹੁਤ ਹੀ ਚੰਗਾ ਕੰਮ ਕੀਤਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।"
ਡਾਕਟਰ ਕੁਲਦੀਪ ਸਿੰਘ ਧੀਰ ਦੇ ਜੀਵਨ 'ਤੇ ਇੱਕ ਝਾਤ
ਡਾਕਟਰ ਕੁਲਦੀਪ ਸਿੰਘ ਦਾ ਜਨਮ 15 ਨਵੰਬਰ ਸੰਨ 1943 ਨੂੰ ਮੰਡੀ ਬਹਾਊਦੀਨ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) ਵਿੱਚ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿਤਾ ਪ੍ਰੇਮ ਸਿੰਘ ਦੇ ਘਰ ਹੋਇਆ। ਡਾਕਟਰ ਧੀਰ ਨੇ ਥਾਪਰ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ। ਇਸ ਉਪ੍ਰੰਤ ਉਨ੍ਹਾਂ ਨੇ ਪੰਜਾਬੀ ਯੂਨੀਵਰਿਸਟੀ ਵਿੱਚੋਂ ਪੰਜਾਬੀ ਵਿੱਚ ਪੀ.ਐੱਚਡੀ ਕੀਤੀ। ਡਾਕਟਰ ਧੀਰ ਇਸ ਮਗਰੋਂ ਪੰਜਾਬੀ ਯੂਨੀਵਿਰਸਿਟੀ ਵਿੱਚ ਪ੍ਰੋਫੈਸਰ ਵੀ ਰਹੇ ਅਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਅਤੇ ਭਾਸ਼ਾਵਾਂ ਰਹੇ।
ਡਾਕਟਰ ਧੀਰ ਨੂੰ ਸਾਹਿਤ ਵਿੱਚ ਕੀਤੇ ਗਏ ਉਨ੍ਹਾਂ ਦੇ ਵੱਡਮੁੱਲੇ ਕੰਮ ਬਦਲੇ ਕਈ ਤਰ੍ਹਾਂ ਦੇ ਅਵਾਰਡਾਂ ਨਾਲ ਵੀ ਸਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ ਪੰਜਾਬ ਦੇ ਸਭ ਤੋਂ ਵੱਡੇ ਸਾਹਿਤਕ ਅਵਾਰਡ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ (1999), ਐਮਐਸ ਰੰਧਾਵਾ ਭਾਸ਼ਾ ਵਿਭਾਗ ਇਨਾਮ (2003) ਅਤੇ ਐਮਐਸ ਰੰਧਾਵਾ ਗਿਆਨ ਵਿਗਿਆਨ ਇਨਾਮ (2004) ਵਰਣਯੋਗ ਹਨ।