ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਕਦਮ ਚੁੱਕਦੇ ਹੋਏ ਲੋਕਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਸੀਐਮ ਮਾਨ ਵੱਲੋਂ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ 'ਤੇ ਉਨ੍ਹਾਂ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ (Anti-Corruption Helpline) ਨੰਬਰ 9501 200 200 ਜਾਰੀ ਕੀਤਾ ਗਿਆ ਹੈ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਸ਼ਹੀਦੀ ਦਿਹਾੜੇ ਮੌਕੇ ਇਹ ਨੰਬਰ ਜਾਰੀ ਕੀਤਾ ਗਿਆ ਹੈ ਸ਼ਹੀਦਾਂ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋਵੇਗੀ।
ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੋ ਵੀ ਉਨ੍ਹਾਂ ਤੋਂ ਰਿਸ਼ਵਤ ਮੰਗਦਾ ਹੈ ਉਸ ਨੂੰ ਰਿਸ਼ਵਤ ਦੇਣ ਤੋਂ ਮਨ੍ਹਾਂ ਨਾ ਕਰੋ ਉਸਦੀ ਵੀਡੀਓ ਬਣਾ ਲਓ ਅਤੇ ਇਸ ਨੰਬਰ ਤੇ ਭੇਜੋ। ਇਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੰਬਰ ’ਤੇ ਸਿਰਫ ਭ੍ਰਿਸ਼ਟਾਚਾਰ ਸਬੰਧੀ ਵੀਡੀਓ ਨੂੰ ਹੀ ਭੇਜਿਆ ਜਾਵੇ। ਦੂਜੇ ਮਾਮਲਿਆਂ ਦੇ ਲਈ ਹੋਰ ਵਿਭਾਗ ਬਣਾਏ ਗਏ ਹਨ। ਉਨ੍ਹਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸੀਐੱਮ ਨੇ ਕੀਤੀ ਲੋਕਾਂ ਨੂੰ ਅਪੀਲ:ਸੀਐੱਮ ਮਾਨ ਨੇ ਕਿਹਾ ਕਿ ਜੋ ਵੀ ਮਾਮਲੇ ਚ ਦੋਸ਼ੀ ਪਾਇਆ ਜਾਵੇਗਾ ਚਾਹੇ ਉਹ ਕੋਈ ਵੀ ਹੋਵੇ ਉਸ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਸੀਐੱਮ ਮਾਨ ਨੇ ਪੰਜਾਬੀਆਂ ਤੋਂ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ।
ਨਾਇਬ ਤਹਿਸੀਲਦਾਰ ਖਿਲਾਫ਼ ਪਹਿਲਾ ਮਾਮਲਾ:ਸਮਾਜ ਸੇਵੀ ਵੱਲੋਂ ਹਲਕਾ ਤਲਵੰਡੀ ਸਾਬੋ ’ਚ ਤੈਨਾਤ ਨਾਇਬ ਤਹਿਸੀਲਦਾਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਚ ਸਮਾਜ ਸੇਵੀ ਨੇ ਨਾਇਬ ਤਹਿਸੀਲਦਾਰ ’ਤੇ ਪੈਸੇ ਲੈਣ ਦੇ ਇਲਜ਼ਾਮ ਲਗਾਏ ਹਨ। ਸ਼ਿਕਾਇਤ ਚ ਕਿਹਾ ਗਿਆ ਹੈ ਕਿ ਹਲਕਾ ਤਲਵੰਡੀ ਸਾਬੋ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਵਲੋਂ ਸ਼੍ਰੀ ਗਊ ਸ਼ਾਲਾ ਬਠਿੰਡਾ ਨੂੰ ਦਾਨ ਕੀਤੇ ਰਕਬੇ ਦੇ ਵਸੀਕੇ ਤਸਦੀਕ ਕਰਨ ਬਦਲੇ 3000, ਰੁਪਏ ਖੁਦ ਅਤੇ 200 ਰੁਪਏ ਸੇਵਾਦਾਰ ਲਈ ਲਏ ਹਨ ਜਿਸ ਦੀ ਉਨ੍ਹਾਂ ਨੇ ਪੂਰੀ ਸ਼ਿਕਾਇਤ ਨਾਲ ਸਬੂਤ ਅਤੇ ਸਵੈ ਘੋਸ਼ਣਾ ਪੱਤਰ ਭੇਜ ਦਿੱਤਾ ਗਿਆ ਹੈ।