ਚੰਡੀਗੜ੍ਹ:ਦੇਸ਼ਭਰ ’ਚ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦੇ ਖਿਲਾਫ ਸੰਘਰਸ਼ ਚਲ ਰਿਹਾ ਹੈ। ਨੌਜਵਾਨਾਂ ਦੇ ਨਾਲ ਨਾਲ ਹੁਣ ਅਗਨੀਪਥ ਸਕੀਮ ਦੇ ਖਿਲਾਫ ਸਿਆਸੀ ਆਗੂ ਵੀ ਅੱਗੇ ਆਉਣ ਲ਼ੱਗੇ ਹਨ। ਉਨ੍ਹਾਂ ਵੱਲੋਂ ਵੀ ਅਗਨੀਪਥ ਸਕੀਮ ਦਾ ਵਿਰੋਧ ਕੀਤਾ ਜਾਣ ਲੱਗ ਪਿਆ ਹੈ। ਇਸੇ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਸਕੀਮ ਦਾ ਵਿਰੋਧ ਕੀਤਾ ਗਿਆ।
ਅਗਨੀਪਥ ਖਿਲਾਫ ਸੀਐਮ ਮਾਨ: ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਕੇਂਦਰ ਸਰਕਾਰ ਦੀ ਸੈਨਾ ’ਚ ਭਰਤੀ ਸਕੀਮ ਦੇ ਵਿਰੋਧ ’ਚ ਆ ਗਏ ਹਨ। ਸੀਐੱਮ ਮਾਨ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ 2 ਸਾਲ ਫੌਜ 'ਚ ਭਰਤੀ 'ਤੇ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫਰਮਾਨ ਕਿ 4 ਸਾਲ ਫੌਜ 'ਚ ਰਹੋ। ਬਾਅਦ ‘ਚ ਪੈਨਸ਼ਨ ਵੀ ਨਾ ਮਿਲੇ। ਇਹ ਫੌਜ ਦਾ ਵੀ ਅਪਮਾਨ ਹੈ। ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖਾ ਹੈ। ਦੇਸ਼ ਭਰ ਦੇ ਨੌਜਵਾਨਾਂ ਦਾ ਇਹ ਗੁੱਸਾ, ਬਿਨਾਂ ਸੋਚੇ ਸਮਝੇ ਲਏ ਗਏ ਫ਼ੈਸਲੇ ਦਾ ਨਤੀਜਾ ਹੈ। ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ:ਸੀਐੱਮ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਇਸ ਸਕੀਮ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਕਿਉਂਕਿ ਇਸ ਸਕੀਮ ਦਾ ਨੌਜਵਾਨਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੇਂਦਰ ਦੀ ਅਗਨੀਪਥ ਸਕੀਮ ਦੇ ਖਿਲਾਫ ਹਰਿਆਣਾ ਅਤੇ ਬਿਹਾਰ ਚ ਜਿਆਦਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ ਪੰਜਾਬ ਚ ਇਸ ਸਕੀਮ ਨੂੰ ਲੈ ਕੇ ਫਿਲਹਾਲ ਕੋਈ ਵੱਡਾ ਵਿਰੋਧ ਦੇਖਣ ਨੂੰ ਨਹੀਂ ਮਿਲ ਰਿਹਾ ਹੈ।
ਨੌਜਵਾਨ ਫੌਜ ਰਾਹੀ ਕਰਨਾ ਚਾਹੁੰਦਾ ਸੇਵਾ: ਇਸ ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਜੀਵਨ ਭਰ ਦੇਸ਼ ਅਤੇ ਫੌਜ ਦੀ ਸੇਵਾ ਕਰਨਾ ਚਾਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਕਰੀਬ 2 ਸਾਲਾਂ ਤੋਂ ਫੌਜ 'ਚ ਕੋਈ ਭਰਤੀ ਨਹੀਂ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਬੜੀ ਮੁਸ਼ਕਲ ਨਾਲ ਫੌਜ 'ਚ ਭਰਤੀਆਂ ਹੋ ਰਹੀਆਂ ਹਨ ਅਤੇ ਇਸ ਦੌਰਾਨ ਕੇਂਦਰ ਸਰਕਾਰ ਅਗਨੀਪਥ ਨਾਂ ਦੀ ਸਕੀਮ ਲੈ ਕੇ ਆਈ ਹੈ।
'ਨੌਜਵਾਨ ਦੇ ਭਵਿੱਖ ਨਾਲ ਖਿਲਵਾੜ': ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਹੈ। ਨਾਲ ਹੀ ਇਹ ਇਸ ਦੇ ਨਾਲ ਹੀ ਇਹ ਫ਼ੌਜ ਦੀ ਸ਼ਾਨ , ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ ਅਤੇ ਭਾਵਨਾਵਾਂ ਦੇ ਵੀ ਖ਼ਿਲਾਫ਼ ਹੈ। ਕੇਂਦਰ ਸਰਕਾਰ ਫੌਜ ਦੀ ਭਰਤੀ ਨੂੰ ਠੇਕਾ ਰੁਜ਼ਗਾਰ (Contractual Employment) ਬਣਾ ਰਹੀ ਹੈ।
ਕੀ ਹੈ ਅਗਨੀਪਥ ਸਕੀਮ:ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਫੌਜੀਆਂ ਦੀ ਭਰਤੀ ਨੂੰ ਲੈ ਕੇ ਅਗਨੀਪਥ ਸਕੀਮ ਬਣਾਈ ਗਈ ਸੀ। ਜਿਸ ਚ ਨੌਜਵਾਨਾਂ ਨੂੰ 4 ਸਾਲ ਦੀ ਨੌਕਰੀ ਦਿੱਤੀ ਜਾਵੇਗੀ। ਇਨ੍ਹਾਂ ਚਾਰ ਸਾਲਾਂ ਚ ਨੌਜਵਾਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇਗੀ। 4 ਸਾਲ ਬਾਅਦ ਇਨ੍ਹਾਂ ਨੌਜਵਾਨਾਂ ਚ ਸਿਰਫ 25 ਨੌਜਵਾਨਾਂ ਨੂੰ ਫੌਜ ਚ ਰੱਖਿਆ ਜਾਵੇਗਾ। ਬਾਕੀ 75 ਫੀਸਦ ਨੂੰ ਕੱਢ ਦਿੱਤਾ ਜਾਵੇਗਾ। ਇਸ ਭਰਤੀ ’ਚ ਨੌਜਵਾਨਾਂ ਦੀ ਉਮਰ 17 ਤੋਂ 21 ਸਾਲ ਰੱਖੀ ਗਈ ਸੀ। ਪਰ ਬਾਅਦ ਚ ਨੌਜਵਾਨਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਨੂੰ 23 ਸਾਲ ਕਰ ਦਿੱਤਾ ਗਿਆ।
ਇਹ ਵੀ ਪੜੋ:ਕੇਂਦਰ ਦੀ ਅਗਨੀਪਥ ਯੋਜਨਾ 'ਤੇ ਰਾਘਵ ਚੱਢਾ ਨੇ ਚੁੱਕੇ ਸਵਾਲ, ਕਿਹਾ...