ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ 2017 ਦਾ ਸੰਪੂਰਨ ਕਰਜ਼ਾ ਮੁਆਫ਼ੀ ਦਾ ਵਾਅਦਾ ਯਾਦ ਕਰਾਉਂਦੇ ਹੋਏ ਪੁੱਛਿਆ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ਿਆਂ ਦਾ ਮਸਲਾ ਹੱਲ ਕਰੋਗੇ ਜਾਂ ਨਹੀਂ?
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਮਾਰਨ (ਮੁਆਫ਼ ਕਰਨ) ਦੇ ਵਾਅਦੇ ਤੋਂ ਬੇਸ਼ੱਕ ਭੱਜ ਗਈ ਹੈ, ਪ੍ਰੰਤੂ ਮੁੱਖ ਮੰਤਰੀ ਚੰਨੀ ਸਮੇਤ ਸਮੁੱਚੀ ਕਾਂਗਰਸ ਨੂੰ ਲੋਕਾਂ ਦੀ ਕਚਿਹਰੀ 'ਚ ਇਸ ਗੱਲ ਦਾ ਜਵਾਬ ਦੇਣਾ ਹੀ ਪਵੇਗਾ ਕਿ ਕਾਂਗਰਸ ਨੇ ਅੰਨਦਾਤਾ ਨਾਲ ਧੋਖ਼ਾ ਕਰਨ ਤੋਂ ਪਹਿਲਾ ਇੱਕ ਵਾਰ ਵੀ ਨਹੀਂ ਸੋਚਿਆ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2017 ’ਚ ਕਾਂਗਰਸ ਨੇ ਨਾ ਕੇਵਲ ਆਪਣੇ ਚੋਣ ਮਨੋਰਥ ਪੱਤਰ (Election Manifesto) ’ਚ ਕਿਸਾਨਾਂ-ਮਜ਼ਦੂਰਾਂ ਦੇ ਸੰਪੂਰਨ ਕਰਜ਼ਾ ਮੁਆਫ਼ੀ ਦਾ ਲਿਖਤੀ ਵਾਅਦਾ ਕੀਤਾ ਸੀ, ਸਗੋਂ ਇਸ ਬਾਰੇ ਕਿਸਾਨਾਂ ਕੋਲੋਂ ਫ਼ਾਰਮ ਵੀ ਭਰਵਾਏ ਗਏ ਸਨ। ਪ੍ਰੰਤੂ 4 ਸਾਲ 10 ਮਹੀਨੇ ਲੰਘ ਜਾਣ ਦੇ ਬਾਵਜੂਦ 5 ਫ਼ੀਸਦੀ ਕਰਜ਼ਾ ਵੀ ਮੁਆਫ਼ ਨਹੀਂ ਕੀਤਾ ਗਿਆ। ਚੀਮਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਸਿਰ ਸੰਗਠਿਤ ਅਤੇ ਗੈਰ-ਸੰਗਠਿਤ ਖੇਤਰ ਦਾ ਕਿਸਾਨਾਂ ਅਤੇ ਮਜ਼ਦੂਰਾਂ ਉਪਰ ਡੇਢ ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈ। ਚੰਨੀ ਸਰਕਾਰ ਸਪੱਸ਼ਟ ਕਰੇ ਕਿ ਹੁਣ ਤੱਕ ਕਿੰਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕੁੱਲ ਕਿੰਨਾ ਕਰਜ਼ਾ ਮੁਆਫ਼ ਕੀਤਾ ਹੈ? ਕੀ ਚੰਨੀ ਸਰਕਾਰ ਕੁੱਲ ਕਰਜ਼ ਮੁਆਫ਼ੀ ਬਾਰੇ ਪਿੰਡ ਦੇ ਆਧਾਰ ’ਤੇ ਵਾਈਟ ਪੇਪਰ ਜਾਰੀ ਕਰ ਕਰਨ ਦੀ ਜ਼ੁਅਰਤ ਰੱਖਦੀ ਹੈ?
ਇਹ ਵੀ ਪੜ੍ਹੋ :2022 'ਚ ਸਰਕਾਰ ਬਣਾਉਣ ਨੂੰ ਲੈਕੇ ਸਿੱਧੂ ਦੇ ਵੱਡੇ ਬਿਆਨ ਤੇ ਵਾਅਦੇ
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਵੱਲੋਂ ਸਰਕਾਰੀ ਖਜ਼ਾਨੇ ’ਚੋਂ ਕਰੋੜਾਂ ਰੁਪਏ ਖ਼ਰਚ (Expenditure of crores of rupees from government exchequer) ਕਰਕੇ ਕਿਸਾਨੀ ਕਰਜ਼ੇ ਮੁਆਫ਼ ਕੀਤੇ ਜਾਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹਾ ਕੂੜ ਪ੍ਰਚਾਰ ਕਿਸਾਨਾਂ-ਮਜ਼ਦੂਰਾਂ ਨਾਲ ਦੂਹਰੇ ਧੋਖ਼ੇ ਤੋ ਘੱਟ ਨਹੀਂ ਹੈ। ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜੇ ਮੁਆਫ਼ ਕੀਤੇ ਹਨ ਤਾਂ ਪਿੰਡਾਂ ’ਚ ਸਿਰਫ਼ ਸਹਿਕਾਰੀ ਬੈਂਕਾਂ, ਸੁਸਾਇਟੀਆਂ, ਲੈਂਡ ਮਾਰਗੇਜ ਬੈਕਾਂ ਅਤੇ ਸਰਕਾਰੀ ਬੈਕਾਂ ਦੇ ਮੁਆਫ਼ ਕੀਤੇ ਕਰਜਿਆਂ ਦੀਆਂ ਸੂਚੀਆਂ ਹੀ ਜਾਰੀ ਕਰ ਦੇਣ ਅਤੇ 2022 ਦੀਆਂ ਚੋਣਾਂ ’ਚ ਕਰਜ਼ੇ ਮੁਆਫ਼ੀ ਵਾਲੇ ਮੁੱਦੇ ’ਤੇ ਲੜਨ ਦੀ ਹਿੰਮਤ ਦਿਖਾਉਣ।
ਚੀਮਾ ਨੇ ਕਿਹਾ ਕਿ ਦਿੱਲੀ ’ਚ 2015 ਦੀਆਂ ਚੋਣਾਂ ਮੌਕੇ ਅਰਵਿੰਦ ਕੇਜਰੀਵਾਲ ਨੇ ਜੋ ਵਾਅਦੇ ਕੀਤੇ ਸਨ, 2020 ਦੀਆਂ ਚੋਣਾਂ ਮੌਕੇ ਦਿੱਲੀ ਵਾਸੀਆਂ ਕੋਲੋਂ ਇਹ ਕਹਿ ਕੇ ਵੋਟਾਂ ਮੰਗੀਆਂ ਸਨ ਕਿ ਜੇਕਰ ਕੀਤੇ ਵਾਅਦੇ ਪੂਰੇ ਕੀਤੇ ਹਨ ਤਾਂ ‘ਆਪ’ ਨੂੰ ਵੋਟ ਦਿਓ, ਵਰਨਾ ਨਾ ਦਿਓ? ਚੀਮਾ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਸੀ ਕਿ ਕੰਮ ਦੇ ਆਧਾਰ ’ਤੇ ਵੋਟਾਂ ਮੰਗੀਆਂ ਗਈਆਂ ਅਤੇ ਰਿਕਾਰਡ ਜਿੱਤ ਹਾਸਲ ਕੀਤੀ ਕਿਉਂਕਿ ਕੇਜਰੀਵਾਲ ਮਾਡਲ ਕਾਂਗਰਸੀਆਂ ਵਾਂਗ ਖੋਖ਼ਲੇ ਵਾਅਦਿਆਂ ਅਤੇ ਝੂਠੇ ਲਾਰਿਆਂ ’ਚ ਵਿਸ਼ਵਾਸ਼ ਨਾ ਕਰਨ ਵਾਲਾ ਵਿਕਾਸ ਮਾਡਲ ਹੈ। ਇਸ ਦੇ ਆਧਾਰ ’ਤੇ ਹੀ ਅੱਜ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ’ਚ ਸਿਰਫ਼ ਇੱਕ ਮੌਕਾ ਮੰਗ ਰਹੀ ਹੈ।
ਇਹ ਵੀ ਪੜ੍ਹੋ :ਅਰਵਿੰਦ ਕੇਜਰੀਵਾਲ ਨੇ ਪੰਜਾਬੀ 'ਚ ਵੀਡੀਓ ਜਾਰੀ ਕਰ ਮੁੜ ਘੇਰੀ ਚੰਨੀ ਸਰਕਾਰ