ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੀ 17ਵੀਂ ਲੜੀ ਦੌਰਾਨ ਸੂਬੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਇਕ ਹਫ਼ਤੇ ਵਿੱਚ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਿਹਤ ਕਾਮਿਆਂ ਲਈ ਇਹ ਆਕਸੀਮੀਟਿਰ 514 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਰਿਹਾ ਹੈ ਅਤੇ ਇਨ੍ਹਾਂ ਆਕਸੀਮੀਟਰਾਂ ਨੂੰ ਹੁਣ 'ਕੋਈ ਲਾਭ ਨਹੀਂ, ਕੋਈ ਘਾਟਾ ਨਹੀਂ' ਦੇ ਆਧਾਰ 'ਤੇ ਆਮ ਲੋਕਾਂ ਲਈ ਵੀ ਅਧਿਕਾਰਤ ਵਿਕਰੇਤਾਵਾਂ ਰਾਹੀਂ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਇਸੇ ਨਾਲ ਹੀ ਮੁੱਖ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਤੇ ਬੋਲਦੇ ਹੋਏ ਕਿਹਾ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਮੁੱਖ ਸਕੱਤਰ ਵਿੰਨੀ ਮਹਾਜਨ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਜਲਦ ਹੀ ਰਿਪੋਰਟ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਸਖ਼ਤ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਨੇ ਕੋਵਿਡ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਹਰੇਕ ਜ਼ਿਲ੍ਹੇ ਵਿੱਚ ਪ੍ਰਵਾਨਿਤ ਵਿਕਰੇਤਾਵਾਂ ਰਾਹੀਂ 514 ਰੁਪਏ ਦੀ ਵਾਜਬ ਕੀਮਤ 'ਤੇ ਆਕਸੀਮੀਟਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।
''ਤੁਸੀਂ ਜੋ ਕੁਝ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋ, ਉਸ ਤੁਹਾਡੀ ਜ਼ਿੰਮੇਵਾਰੀ ਹੈ...ਤੁਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ।'' ਮੁੱਖ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਕ ਵਾਰ ਕੇਸ ਦਰਜ ਹੋਣ 'ਤੇ ਉਨ੍ਹਾਂ ਦਾ ਸਮੁੱਚਾ ਭਵਿੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ 121 ਸੋਸ਼ਲ ਮੀਡੀਆ ਅਕਾਊਂਟ/ਲੰਿਕ ਬਲੌਕ ਕੀਤਾ ਜਾ ਚੁੱਕੇ ਹਨ ਅਤੇ 292 ਹੋਰ ਅਜਿਹੇ ਅਕਾਊਂਟ/ਲਿੰਕ ਦੀ ਸ਼ਨਾਖਤ ਪੰਜਾਬ ਪੁਲੀਸ ਵੱਲੋਂ ਕੀਤੀ ਜਾ ਚੁੱਕੀ ਹੈ ਜੋ ਅੰਗ ਕੱਢਣ ਅਤੇ ਕੋਵਿਡ ਦੀ ਟੈਸਟਿੰਗ ਲਈ ਕੂੜ ਪ੍ਰਚਾਰ ਕਰਨ ਵਾਲਿਆਂ ਵਿੱਚ ਸ਼ਾਮਲ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੀਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਇਸ ਵਾਰ 13 ਸਤੰਬਰ ਦਿਨ ਐਤਵਾਰ ਨੂੰ ਸੂਬੇ ਵਿੱਚ ਕੋਈ ਕਰਫਿਊ ਨਹੀਂ ਲੱਗੇਗਾ, ਪਰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਲੜਕੇ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ਹੈ ਜਿਸ ਦੀ ਰੋਜ਼ੀ-ਰੋਟੀ ਕਮਾਉਣ ਲਈ ਸੜਕ ਕਿਨਾਰੇ ਗੋਲਗੱਪੇ ਵੇਚਦਿਆਂ ਦੀ ਵਾਇਰਲ ਹੋਈ ਵੀਡੀਓ ਨੇ ਹਜ਼ਾਰਾਂ ਲੋਕਾਂ ਦੇ ਦਿਲ ਨੂੰ ਛੂਹਿਆ ਹੈ।
ਇਹ ਨੌਜਵਾਨ ਇਕ ਵਿਅਕਤੀ ਪਾਸੋਂ ਪੈਸੇ ਲੈਣ ਦੀ ਕੀਤੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੰਦਾ ਹੈ ਕਿ ਉਹ ਸਿਰਫ ਹੱਥੀਂ ਮਿਹਨਤ ਕਰਕੇ ਹੀ ਪੈਸਾ ਕਮਾਉਣਾ ਚਾਹੁੰਦਾ ਹੈ।
ਰਾਏਕੋਟ ਦੇ ਇਕ ਵਸਨੀਕ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਵੱਲੋਂ ਹਰੇਕ ਘਰ ਵਿੱਚ ਸਸਤੀ ਕੀਮਤ 'ਤੇ ਆਕਸੀਮੀਟਿਰ ਅਤੇ ਥਰਮੋਮੀਟਰ ਦਿੱਤੇ ਜਾਣੇ ਚਾਹੀਦੇ ਹਨ ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ 50,000 ਕੋਵਿਡ ਕੇਅਰ ਕਿੱਟਾਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਵਿੱਚ ਆਕਸੀਮੀਟਰ ਅਤੇ ਥਰਮੋਮੀਟਰ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਵੀ ਸ਼ਾਮਲ ਹਨ।
ਗੁਰਦਾਸਪੁਰ ਦੇ ਇਕ ਵਸਨੀਕ ਦੇ ਡਰ ਨੂੰ ਦੂਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ ਕਰੋਨਾ ਪੌਜ਼ੀਟਿਵ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਨਹੀਂ ਰੱਖਿਆ ਜਾਵੇਗਾ ਪਰ ਘਰੇਲੂ ਏਕਾਂਤਵਾਸ ਵਿੱਚ ਰਹਿਣ ਅਤੇ ਆਪਣੀ ਸਿਹਤ 'ਤੇ ਨਿਰੰਤਰ ਨਜ਼ਰ ਰੱਖਦਿਆਂ ਦੇਖ-ਭਾਲ ਕਰਨ ਲਈ ਕਿਹਾ ਜਾਵੇਗਾ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਏਕਾਂਤਵਾਸ ਲਈ ਲੋੜ ਪੈਣ 'ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਘਰੇਲੂ ਏਕਾਂਤਵਾਸ ਦੀ ਨਿਗਰਾਨੀ ਕਰਨ ਵਾਲੀਆਂ ਟੀਮਾਂ ਪੌਜ਼ੀਟਿਵ ਮਰੀਜ਼ਾਂ ਦੇ ਘਰ 10 ਦਿਨਾਂ ਵਿੱਚ ਤਿੰਨ ਵਾਰ ਦੌਰਾ ਕਰਕੇ ਸਿਹਤ ਬਾਰੇ ਜਾਂਚ ਕਰਦੀਆਂ ਹਨ ਅਤੇ ਮਰੀਜ਼ ਦੀ ਦੇਖਭਾਲ ਕਰਨ ਵਾਲੇ ਨੂੰ ਲੋੜੀਂਦੀ ਸਲਾਹ ਵੀ ਦਿੰਦੀਆਂ ਹਨ। ਇਨ੍ਹਾਂ ਟੀਮਾਂ ਵੱਲੋਂ ਸਲਾਹ ਮੁਤਾਬਕ ਥਰਮੋਮੀਟਰ, ਪਲਸ ਆਕਸੀਮੀਟਰ, ਵਿਟਾਮਿਨ-ਸੀ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਉਪਲਬਧਤਾ ਵੀ ਪੁੱਛੀ ਜਾਂਦੀ ਹੈ। ਟੀਮ ਵੱਲੋਂ ਮਰੀਜ਼ ਦੇ ਦੇਖਭਾਲ ਕਰਨ ਵਾਲੇ ਨੂੰ ਫੋਨ ਕਰਕੇ ਵੀ ਪੁੱਛਿਆ ਜਾਂਦਾ ਹੈ।
ਸੂਬੇ ਵਿੱਚ ਮੌਤ ਦੀ ਵਧਦੀ ਦਰ, ਜਿਸ ਦਾ ਕਾਰਨ ਹਸਪਤਾਲਾਂ ਵਿਚ ਇਲਾਜ ਲਈ ਦੇਰੀ ਨਾਲ ਪਹੁੰਚਣਾ ਹੈ, ਵੱਲ ਇਸ਼ਾਰਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਲੱਛਣਾਂ ਨੂੰ ਬਲਕੁਲ ਵੀ ਨਜ਼ਰਅੰਦਾਜ਼ ਨਾ ਕਰਕੇ ਇਸ ਬਿਮਾਰੀ ਦਾ ਮੂੰਹ ਮੋੜਨ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਦੀ ਮਦਦ ਕੀਤੀ ਜਾਵੇ ਅਤੇ ਸਮੇਂ ਸਿਰ ਆਪਣੀ ਜਾਂਚ ਅਤੇ ਹਸਪਤਾਲਾਂ ਵਿੱਚ ਭਰਤੀ ਹੋਇਆ ਜਾਵੇ ਕਿਉਂ ਜੋ ਜ਼ਿਆਦਾਤਰ ਮੌਤਾਂ ਲੈਵਲ-3 ਪੱਧਰ ਉੱਤੇ ਹੋ ਰਹੀਆਂ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੀ ਸਰਕਾਰ ਦੁਆਰਾ ਸਹੂਲਤਾਂ ਵਿਚ ਵਾਧਾ ਕਰਨ ਉੱਤੇ ਕਾਫੀ ਰਕਮ ਖਰਚ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਆਪਣੇ ਮੰਤਰੀਆਂ ਨੂੰ ਉਨ੍ਹਾਂ ਦੀ ਨਿਗਰਾਨੀ ਹੇਠਲੇ ਜ਼ਿਲਿ੍ਹਆਂ ਵਿਚ ਸਥਿਤੀ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣ ਹਿੱਤ ਦੌਰੇ ਕਰਨ ਲਈ ਵੀ ਕਿਹਾ ਗਿਆ ਹੈ।
ਐਨ.ਐਚ.ਐਮ. ਵਰਕਰ, ਜੋ ਕਿ ਬੀਤੇ 10 ਸਾਲਾਂ ਤੋਂ ਨਿਗੂਣੀ ਜਿਹੀ ਤਨਖਾਹ 'ਤੇ ਗੁਜ਼ਾਰਾ ਕਰ ਰਹੇ ਹਨ, ਬਾਵਜੂਦ ਇਸ ਦੇ ਕਿ ਉਹ ਕੋਵਿਡ ਦੀ ਜੰਗ ਵਿਚ ਮੋਹਰੀ ਯੋਧੇ ਹਨ, ਕੀਤੀ ਇੱਕ ਬੇਨਤੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸੂਬੇ ਵਿਚ ਠੇਕੇ ਉੱਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਸਲੇ ਉੱਤੇ ਵਿਚਾਰ ਕਰਨ ਲਈ ਇੱਕ ਕੈਬਨਿਟ ਸਬ ਕਮੇਟੀ ਗਠਿਤ ਕੀਤੀ ਹੋਈ ਹੈ। ਫ਼ਰੀਦਕੋਟ ਦੇ ਇੱਕ ਨਿਵਾਸੀ ਨੂੰ ਅਜਿਹਾ ਹੀ ਯਕੀਨ ਦਿਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਹਤ ਵਰਕਰਾਂ ਖਾਸ ਕਰਕੇ ਜੋ ਕੋਵਿਡ ਦੀ ਡਿਊਟੀ ਨਿਭਾ ਰਹੇ ਹਨ, ਦੀ ਸੰਭਾਲ ਲਈ ਵਚਨਬੱਧ ਹੈ।
ਵਧੇ ਹੋਏ ਬਿਜਲੀ ਬਿਲਾਂ ਬਾਰੇ ਕਈ ਸ਼ਿਕਾਇਤਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਕਾਰਨ ਮੀਟਰ ਰੀਡਿੰਗ ਨਹੀਂ ਸੀ ਕੀਤੀ ਜਾ ਰਹੀ ਪਰ ਹੁਣ ਉਨ੍ਹਾਂ ਨੇ ਇਸ ਦੇ ਹੁਕਮ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਅਸਲ ਖਪਤ ਦੇ ਹਿਸਾਬ ਨਾਲ ਬਿਲ ਆ ਸਕਣ। ਜੇਕਰ ਵਧੀ ਹੋਈ ਰਕਮ ਪਹਿਲਾਂ ਹੀ ਅਦਾ ਕੀਤੀ ਜਾ ਚੁੱਕੀ ਹੈ ਤਾਂ ਇਸ ਨੂੰ ਇਕਸਾਰ ਕਰ ਲਿਆ ਜਾਵੇਗਾ।