ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) 'ਚ ਪਿਛਲੇ ਕਈਂ ਮਹੀਨਿਆਂ ਤੋਂ ਚਲਦਾ ਆ ਰਿਹੈ ਕਲੇਸ਼ ਖ਼ਤਮ ਹੁੰਦਾ ਲੱਗ ਰਿਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ 24 ਘੰਟਿਆਂ ਅੰਦਰ ਹੀ ਕਾਂਗਰਸ (Congress) ਹਾਈਕਮਾਨ ਨੇ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਥਾਪਿਆ ਹੈ।
2 ਦਿਨਾਂ ਦੀਆਂ ਮੈਰਾਥਨ ਬੈਠਕਾਂ ਮਗਰੋਂ ਕਾਂਗਰਸ (Congress) ਨੇ ਐਤਵਾਰ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਂਅ ਦਾ ਐਲਾਨ ਕੀਤਾ। ਚੰਨੀ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸੰਹੁ ਚੁੱਕਣਗੇ।
ਕਾਂਗਰਸ ਹਾਈ ਕਮਾਨ ਨੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਨਾਂਅ ਨੂੰ ਹਰੀ ਝੰਡੀ ਦੇ ਕੇ ਦਲਿਤ ਕਾਰਡ ਖੇਡਿਆ ਹੈ। ਚਰਚਾਵਾਂ ਇਹ ਵੀ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਲਈ ਹਿੰਦੂ ਚਹਿਰੇ 'ਤੇ ਵਿਚਾਰ ਕੀਤਾ ਜਾ ਰਿਹੈ, ਫੇਰ ਗੱਲ ਸਿੱਖ ਚਿਹਰੇ ਦੀ ਵੀ ਹੋਈ, ਪਰ ਅਖੀਰ 'ਚ ਦਲਿਤ ਚਹਿਰੇ ਨੂੰ ਤਰਜੀਰ ਦਿੰਦਿਆਂ ਕਾਂਗਰਸ ਨੇ ਵੱਡਾ ਦਾਅ ਖੇਡਿਆ।
ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣਗੇ
ਚਰਨਜੀਤ ਸਿੰਘ ਚੰਨੀ ਦੇ ਨਾਲ 2 ਉਪ ਮੁੱਖ ਮੰਤਰੀ ਵੀ ਲਾਏ ਜਾਣਗੇ। ਉਪ ਮੁੱਖ ਮੰਤਰੀ ਵਜੋਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਦੇ ਨਾਂਅ ਸਭ ਤੋਂ ਮੋਹਰੀ ਹਨ। ਹਰੀਸ਼ ਰਾਵਤ ਨੇ ਐਤਵਾਰ ਦੇਰ ਰਾਤ ਕਿਹਾ ਕਿ ਪੰਜਾਬ ਅੰਦਰ 2 ਉਪ ਮੁੱਖ ਮੰਤਰੀ ਲਗਾਏ ਜਾਣਗੇ ਤੇ ਉਨ੍ਹਾਂ ਦੇ ਨਾਵਾਂ ਦਾ ਐਲਾਨ ਹਾਈਕਮਾਨ ਛੇਤੀ ਹੀ ਕਰ ਦੇਵੇਗਾ। ਸੰਭਵ ਹੈ ਕਿ ਦੋਵੇਂ ਉਪ ਮੁੱਖ ਮੰਤਰੀ ਵੀ ਅੱਜ ਹੀ ਸਹੁੰ ਚੁੱਕਣ।
ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ
ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਉਹ ਤਿੰਨ ਵਾਰ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। 16 ਮਾਰਚ 2017 ਨੂੰ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਸੀ। ਇਸ ਤੋਂ ਪਹਿਲਾਂ ਚੰਨੀ ਕੌਂਸਲਰ ਵੀ ਰਹੇ ਜਿਸ ਤੋਂ ਉਨ੍ਹਾਂ ਦੀ ਸਿਆਸੀ ਸਫਰ ਦੀ ਸ਼ੁਰੂਆਤ ਹੋਈ। ਉਹ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜਲੇ ਮੰਨੇ ਜਾਂਦੇ ਹਨ। 2007 ਵਿੱਚ ਉਹ ਪਹਿਲੀ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ ਤੇ ਲਗਾਤਾਰ ਤਿੰਨ ਵਾਰ ਆਪਣੇ ਹਲਕੇ ਤੋਂ ਵਿਧਾਇਕ ਬਣੇ ਹਨ।