ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਾਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੇ ਦੂਜੇ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਸਮਤਕ ਹੋਏ।
ਫ਼ਤਹਿਗੜ੍ਹ ਸਾਹਿਬ ਵਿਖੇ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਬਣਾਈ ਜਾਵੇਗੀ ਯਾਦਗਾਰ
ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਕਿਹਾ ਕਿ ਸ਼ਹੀਦਾਂ ਦੀ ਇਸ ਮਹਾਨ ਧਰਤੀ, ਫ਼ਤਹਿਗੜ੍ਹ ਸਾਹਿਬ ਵਿਖੇ ਉਸ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਬਾ ਸੰਗਤ ਸਿੰਘ ਜੀ ਨੂੰ ਚਮਕੌਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਸਮਝ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਦੇਹ ਨੂੰ ਚਮਕੌਰ ਸਾਹਿਬ ਤੋਂ ਇੱਥੇ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਇਸ ਮਹਾਨ ਧਰਤੀ ਦਾ ਜਿੰਨਾ ਵੀ ਸਤਿਕਾਰ ਅਤੇ ਨਮਨ ਕੀਤਾ ਜਾਵੇ, ਉਹ ਘੱਟ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ, ਜਿੱਥੋਂ ਉਹ ਵਿਧਾਨ ਸਭਾ 'ਚ ਨੁਮਾਇੰਗੀ ਕਰਦੇ ਹਨ, ਉੱਥੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਇਸ ਲਈ ਇਨ੍ਹਾਂ ਦੋਵਾਂ ਥਾਂਵਾਂ ਦਾ ਵੱਡਾ ਰਿਸ਼ਤਾ ਹੈ।
ਰਾਸ਼ਟਰੀ ਮਾਰਗ ਬਣਾਉਣ ਲਈ ਪ੍ਰਧਾਨ ਮੰਤਰੀ ਲਿਖਿਆ ਹੈ ਨੂੰ ਪੱਤਰ
ਮੁੱਖ ਮੰਤਰੀ ਨੇ ਦੱਸਿਆ ਕਿ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਪੰਜਾਬ ਸਰਕਾਰ ਨੇ ਦੋਵਾਂ ਥਾਵਾਂ ਨੂੰ ਆਪਸ 'ਚ ਜੋੜਦੇ ਹੋਏ, ਇੱਥੋਂ ਸਰਹਿੰਦ ਵਾਲੀ ਜੀ.ਟੀ. ਰੋਡ ਤੋਂ ਅੱਗੇ ਚਮਕੌਰ ਸਾਹਿਬ ਤੱਕ ਹੁਸ਼ਿਆਰਪੁਰ ਵਾਲੀ ਮੁੱਖ ਸੜਕ ਨੂੰ ਆਪਸ 'ਚ ਜੋੜਦੇ ਹੋਏ ਬਣਾਏ ਜਾਣ ਵਾਲੇ ਸਰਕਟ ਦਾ ਨਾਮ ਮਾਤਾ ਗੁਜਰੀ ਜੀ ਮਾਰਗ ਰੱਖਿਆ ਹੈ ਅਤੇ ਇਸ ਨੂੰ ਰਾਸ਼ਟਰੀ ਮਾਰਗ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ।