ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫੋਕੀ ਸ਼ੋਹਰਤ ਲਈ ਰੋਜ਼ਾਨਾ ਜਗ੍ਹਾਂ-ਜਗ੍ਹਾਂ ਜਾ ਕੇ ਪਬਲੀਸਿਟੀ ਸਟੰਟ ਕਰਨ 'ਤੇ ਤਨਜ਼ ਕੱਸਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪਿਛਲੇ ਲੰਮੇਂ ਤੋਂ ਭੁੱਖ ਹੜਤਾਲਾਂ ਅਤੇ ਧਰਨਿਆਂ ਆਦਿ 'ਤੇ ਬੈਠੇ ਸੂਬੇ ਦੇ ਬੇਰੁਜ਼ਗਾਰਾਂ ਵਿੱਚ ਵੀ ਖੜ੍ਹ ਕੇ ਕਹਿਣਾ ਚਾਹੀਦਾ ਹੈ ਕਿ ਮੈਂ ਵੀ ਕਦੇ ਬੇਰੁਜ਼ਗਾਰ ਰਿਹਾ ਹਾਂ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਏ ਦਿਨ ਕਿਸੇ ਨਾ ਕਿਸੇ ਥਾਂ 'ਤੇ ਪਹੁੰਚ ਕੇ ਫੋਕੀ ਸ਼ੋਹਰਤ ਲਈ ਇਹ ਕਹਿਣ ਲੱਗ ਜਾਂਦੇ ਹਨ ਕਿ ਉਹ ਵੀ ਕਦੇ ਇੰਝ ਕਰਦੇ ਹੁੰਦੇ ਸੀ ਅਤੇ ਉਹ ਵੀ ਕਦੇ ਇਹ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਪਾਸੇ ਆਮ ਆਦਮੀ ਹੋਣ ਦਾ ਡਰਾਮਾ ਕਰਕੇ ਦਿਖਾ ਰਹੇ ਹਨ ਜਦੋਂਕਿ ਦੂਜੇ ਪਾਸੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਬੇਲੋੜੀ ਵਰਤੋਂ ਕਰਕੇ ਸੂਬੇ ਦੇ ਲੋਕਾਂ ਸਿਰ ਆਰਥਿਕ ਬੋਝ ਪਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪਬਲੀਸਿਟੀ ਲਈ ਅਜਿਹੇ ਡਰਾਮੇ ਨਹੀ ਕਰਨੇ ਚਾਹੀਦੇ ਹਨ ਸਗੋਂ ਸੂਬੇ ਦੇ ਅਸਲ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਸਰਕਾਰ ਬੇਰੁਜ਼ਗਾਰਾਂ ਤੋਂ ਨਵੀਂਆਂ ਭਰਤੀਆਂ ਦੇ ਨਾਮ ਤੇ ਕਰੋੜਾਂ ਰੁਪਏ ਦੀ ਫੀਸ ਲੈਣ ਦੇ ਬਾਵਜੂਦ ਵੀ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਸਿੱਧ ਹੋ ਰਹੀ ਹੈ। ਇਸ ਤੋਂ ਇਲਾਵਾ ਆਏ ਦਿਨ ਰੁਜ਼ਗਾਰ ਪ੍ਰਾਪਤੀ ਲਈ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਬੇਰੁਜ਼ਗਾਰ ਨੌਜਵਾਨਾਂ 'ਤੇ ਪੁਲਿਸ ਜ਼ੁਲਮ ਢਾਹ ਰਹੀ ਹੈ।