ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿੱਤ ਵਿਭਾਗ ਨੂੰ 3 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਸੋਧੀ ਹੋਈ ਪੈਨਸ਼ਨ ਦੀ 1887 ਕਰੋੜ (1887 Crores) ਰੁਪਏ ਦੀ ਅਦਾਇਗੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਕ ਜਨਵਰੀ, 2016 ਤੋਂ 30 ਜੂਨ, 2021 ਦਰਮਿਆਨ ਸੇਵਾ-ਮੁਕਤ ਹੋਏ 42,600 ਪੈਨਸ਼ਨਰਾਂ ਨੂੰ ਇਕ ਵਾਰ ’ਚ ਹੀ 915 ਕਰੋੜ ਰੁਪਏ ਦੇ ਸੇਵਾ-ਮੁਕਤੀ (Pension benefits) ਲਾਭ ਮਿਲਣਗੇ। ਇਸ ਫੈਸਲੇ ਨਾਲ ਸੂਬੇ ਦੇ ਖਜ਼ਾਨੇ ਉਤੇ ਕੁੱਲ 2802 ਕਰੋੜ ਰੁਪਏ ਦਾ ਬੋਝ ਪਵੇਗਾ।
ਪੈਨਸ਼ਰਾਂ ਲਈ ਵੱਡਾ ਤੋਹਫਾ
ਸੂਬਾ ਭਰ ਦੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ (Gift to Pensioners) ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਅੱਜ ਵਿੱਤ ਵਿਭਾਗ ਨੂੰ ਛੇਵੇਂ ਤਨਖਾਹ ਕਮਿਸ਼ਨ (6th Pay Commission) ਦੀਆਂ ਸਿਫਾਰਸ਼ਾਂ ਅਨੁਸਾਰ ਮੌਜੂਦਾ ਵਿੱਤੀ ਸਾਲ ਦੌਰਾਨ ਤਿੰਨ ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਇਕ ਜੁਲਾਈ, 2021 ਤੋਂ 1887 ਕਰੋੜ ਰੁਪਏ ਦੀ ਵਾਧੂ ਰਾਸ਼ੀ ਨਾਲ ਸੋਧੀ ਹੋਈ ਪੈਨਸ਼ਨ ਦੀ ਅਦਾਇਗੀ ਕਰਨ ਦੇ ਆਦੇਸ਼ ਦਿੱਤੇ ਹਨ।
ਅੱਜ ਸਵੇਰੇ ਹੀ ਕਲੀਅਰ ਕੀਤੀ ਫਾਈਲ
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਦੇ ਮੁਤਾਬਕ ਸ. ਚੰਨੀ ਨੇ ਇਸ ਸਬੰਧੀ ਫਾਈਲ ਉਤੇ ਅੱਜ ਸੇਵੇਰ ਸਹੀ ਪਾ ਦਿੱਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਲੀਵ ਇਨਕੈਸ਼ਮੈਂਟ ਅਤੇ ਗ੍ਰੈਚੂਇਟੀ ਸਮੇਤ ਸੇਵਾ-ਮੁਕਤ ਲਾਭ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਕਿਸ਼ਤਾਂ ਵਿਚ ਅਦਾਇਗੀ ਕਰਨ ਦੇ ਪਹਿਲੇ ਫੈਸਲੇ ਦੀ ਬਜਾਏ ਹੁਣ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਇਕ ਜਨਵਰੀ, 2016 ਤੋਂ 30 ਜੂਨ, 2021 ਦਰਮਿਆਨ ਸੇਵਾ-ਮੁਕਤ ਹੋਏ ਲਗਪਗ 42,600 ਨੂੰ 915 ਕਰੋੜ ਰੁਪਏ ਦੀ ਅਦਾਇਗੀ ਇਕ ਵਾਰ ਹੀ ਕਰ ਦਿੱਤੀ ਜਾਵੇਗੀ।
2802 ਕਰੋੜ ਦਾ ਬੋਝ ਪਵੇਗਾ
ਇਸ ਫੈਸਲੇ ਨਾਲ ਮੌਜੂਦਾ ਵਿੱਤੀ ਸਾਲ ਦੌਰਾਨ ਸੂਬੇ ਦੇ ਖਜ਼ਾਨੇ ਉਤੇ ਕੁੱਲ 2802 ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਤਰ੍ਹਾਂ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਅਜਿਹੀ ਸੋਧੀ ਹੋਈ ਪੈਨਸ਼ਨ ਇਕ ਜੁਲਾਈ, 2021 ਤੋਂ ਪੈਨਸ਼ਨਰਾਂ ਨੂੰ ਇਕ ਵਾਰ ਵਿਚ ਹੀ ਅਦਾ ਕਰ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਅਜੇ ਪਿਛਲੇ ਦਿਨੀਂ ਹੀ ਸਰਕਾਰ ਨੇ ਇੱਕ ਜਨਵਰੀ 2004 ਤੋਂ ਬਾਅਦ ਨੌਕਰੀ ਵਿੱਚ ਆਏ ਸਰਕਾਰੀ ਮੁਲਾਜਮਾਂ ਦੇ ਪਰਿਵਾਰਾਂ ਨੂੰ ਫੈਮਲੀ ਪੈਨਸ਼ਨ (Family Pension) ਦੇਣ ਦਾ ਐਲਾਨ ਕੀਤਾ ਸੀ, ਹਾਲਾਂਕਿ ਇਹ ਫੈਸਲਾ ਅਗਸਤ ਮਹੀਨੇ ਵਿੱਚ ਹੀ ਲਿਆ ਜਾ ਚੁੱਕਾ ਸੀ ਪਰ ਕਿਸੇ ਕਾਰਣ ਕਰਕੇ ਕੁਝ ਉਣਤਾਈਆਂ ਰਹਿ ਗਈਆਂ ਸੀ ਤੇ ਉਣਤਾਈਆਂ ਦੂਰ ਹੋਣ ਦੇ ਨਾਲ ਹੀ ਫੈਮਲੀ ਪੈਨਸ਼ਨ ਦਾ ਐਲਾਨ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਹੁਣ ਮੁੱਖ ਮੰਤਰੀ ਨੇ ਪੈਨਸ਼ਰਾਂ ਨੂੰ ਸੋਧੀ ਹੋਈ ਪੈਨਸ਼ਨ ਦਾ ਲਾਭ ਦੇਣ ਲਈ ਅਦਾਇਗੀ ਦੀ ਮੰਜੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ:ਨਵੇਂ ਮੁੱਖ ਮੰਤਰੀ ਦਾ ਬੇਰੁਜਗਾਰਾਂ ਲਈ ਇੱਕ ਹੋਰ ਉਪਰਾਲਾ