ਚੰਡੀਗੜ੍ਹ: ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਬਸਪਾ ਨਾਲ ਆਪਣੀ ਸਾਂਝ ਵਧਾਉਂਦਿਆਂ ਗਠਜੋੜ ਕੀਤਾ ਗਿਆ ਸੀ। ਜਿਸ 'ਚ ਅਕਾਲੀ ਦਲ ਅਤੇ ਬਸਪਾ 'ਚ 97-20 ਸੀਟਾਂ 'ਤੇ ਚੋਣ ਲੜਨ ਦਾ ਕਰਾਰ ਹੋਇਆ ਸੀ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਬਸਪਾ ਨੂੰ ਦਿੱਤੀਆਂ ਸੀਟਾਂ ਦਾ ਵੇਰਵਾ ਦਿੱਤਾ ਗਿਆ ਸੀ। ਇਨ੍ਹਾਂ 'ਚ ਅਕਾਲੀ ਦਲ ਪ੍ਰਧਾਨ ਵਲੋਂ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਦੀ ਸੀਟ ਨੂੰ ਬਸਪਾ ਦੇ ਖਾਤੇ 'ਚ ਪਾਇਆ ਗਿਆ ਸੀ।
ਖੇਤੀ ਕਾਨੂੰਨਾਂ ਨੂੰ ਲੈਕੇ ਟੁੱਟੇ ਗਠਜੋੜ ਤੋਂ ਬਾਅਦ ਕਈ ਭਾਜਪਾ ਆਗੂ ਵੀ ਆਪਣੀ ਪਾਰਟੀ ਦੀ ਵਿਰੋਧਤਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸਨ। ਜਿਨ੍ਹਾਂ 'ਚ ਭਾਜਪਾ ਤੋਂ ਕੱਢੇ ਗਏ ਅਨਿਲ ਜੋਸ਼ੀ ਅਤੇ ਭਾਜਪਾ ਛੱਡਣ ਵਾਲੇ ਰਾਜ ਕੁਮਾਰ ਗੁਪਤਾ ਸ਼ਾਮਲ ਹਨ। ਇਨ੍ਹਾਂ ਦੋਵੇਂ ਆਗੂਆਂ ਦੇ ਪਾਰਟੀ 'ਚ ਸ਼ਾਮਲ ਹੋਣ 'ਤੇ ਅਕਾਲੀ ਦਲ ਵਲੋਂ ਅੰਮ੍ਰਿਤਸਰ ਉੱਤਰੀ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ। ਇਸ ਦੇ ਨਾਲ ਹੀ ਸੁਜਾਨਪੁਰ ਤੋਂ ਭਾਜਪਾ ਛੱਡ ਕੇ ਆਏ ਰਾਜ ਕੁਮਾਰ ਗੁਪਤਾ ਨੂੰ ਅਕਾਲੀ ਦਲ ਵਲੋਂ ਉਮੀਦਵਾਰ ਵਜੋਂ ਮੌਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:'Captain ਤੇ Sidhu ਦੀ ਲੜਾਈ ਪਾਰਟੀ ਲਈ ਲਾਹੇਵੰਦ'
ਇਸ ਦੇ ਚੱਲਦਿਆਂ ਅਕਾਲੀ ਦਲ ਵਲੋਂ ਬਸਪਾ ਨਾਲ ਹੋਏ ਕਰਾਰ ਤੋਂ ਬਾਅਦ ਸੀਟਾਂ 'ਚ ਫੇਰਬਦਲ ਕੀਤਾ ਗਿਆ ਹੈ। ਅਕਾਲੀ ਦਲ ਵਲੋਂ ਬਸਪਾ ਨੂੰ ਹੁਣ ਸ਼ਾਮ ਚੁਰਾਸੀ ਅਤੇ ਕਪੂਰਥਲਾ ਦੀ ਸੀਟ ਚੋਣ ਲੜਨ ਲਈ ਦਿੱਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੀਤਾ ਗਿਆ ਹੈ।