ਚੰਡੀਗੜ੍ਹ:ਰਾਜਧਾਨੀ ਵਿੱਚ ਬਿਜਲੀ ਕਾਮਿਆਂ ਦੀ ਹੜਤਾਲ (power problem in chandigarh) ਕਾਰਨ ਪਿਛਲੇ 36 ਘੰਟਿਆਂ ਤੋਂ ਬਿਜਲੀ ਨਹੀਂ ਹੈ। ਇਸ ਕਾਰਨ ਸ਼ਹਿਰ ਦਾ ਸਾਰਾ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਲੋਕ ਭਾਰੀ ਪ੍ਰੇਸ਼ਾਨੀ ਵਿੱਚ ਹਨ। ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਤੋਂ ਇਲਾਵਾ ਟ੍ਰੈਫਿਕ ਵਿਵਸਥਾ ਵੀ ਵਿਗੜ ਗਈ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਐਸਮਾ ਲਾਗੂ ਕਰ ਦਿੱਤਾ ਹੈ।
ਇਹ ਵੀ ਪੜੋ:ਚੰਡੀਗੜ੍ਹ 'ਚ ਬਿਜਲੀ ਕਾਮਿਆਂ ਦੀ ਹੜਤਾਲ: ਸ਼ਹਿਰ 'ਚ ਛਾਇਆ ਹਨੇਰਾ, ਪੀਜੀਆਈ 'ਚ ਜਨਰੇਟਰ ਸੈੱਟ ਤਿਆਰ
ਇਸ ਦੇ ਬਾਵਜੂਦ ਮਜ਼ਦੂਰਾਂ ਨੇ ਹੜਤਾਲ ਖ਼ਤਮ ਨਹੀਂ ਕੀਤੀ। ਬੁੱਧਵਾਰ ਨੂੰ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ। ਦਰਅਸਲ ਚੰਡੀਗੜ੍ਹ ਪਾਵਰ ਯੂਨੀਅਨ ਦੇ ਆਗੂ ਗੋਪਾਲ ਜੋਸ਼ੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਜੋਸ਼ੀ ਅੰਦੋਲਨਕਾਰੀ ਕਰਮਚਾਰੀਆਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕਰ ਰਹੇ ਹਨ।
ਵੀਡੀਓ ਆਈ ਸਾਹਮਣੇ
ਹੁਣ ਚੰਡੀਗੜ੍ਹ ਪਾਵਰ ਮੈਨ ਯੂਨੀਅਨ ਦੇ ਆਗੂ ਗੋਪਾਲ ਦੱਤ ਜੋਸ਼ੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਸਾਰੇ ਬਿਜਲੀ ਮੁਲਾਜ਼ਮਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕਰ ਰਹੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਯੂਨੀਅਨ ਆਗੂਆਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਹੋ ਚੁੱਕੀ ਹੈ। ਉਸ ਗੱਲਬਾਤ ਦੇ ਆਧਾਰ 'ਤੇ ਹੀ ਇਹ ਅਪੀਲ ਕੀਤੀ ਜਾ ਰਹੀ ਹੈ। ਜੋਸ਼ੀ ਨੇ ਕਿਹਾ ਕਿ ਉਹ ਸਾਰੇ ਕਰਮਚਾਰੀਆਂ ਨੂੰ ਕੰਮ 'ਤੇ ਪਰਤਣ ਦੀ ਅਪੀਲ ਕਰਦੇ ਹਨ। ਗੋਪਾਲ ਜੋਸ਼ੀ ਇਸ ਵੀਡੀਓ 'ਚ ਕਹਿ ਰਹੇ ਹਨ ਕਿ ਬਿਜਲੀ ਕਰਮਚਾਰੀ ਸਭ ਤੋਂ ਪਹਿਲਾਂ ਹਸਪਤਾਲਾਂ 'ਚ ਬੰਦ ਪਈ ਬਿਜਲੀ ਨੂੰ ਚਾਲੂ ਕਰਨ ਕਿਉਂਕਿ ਇੱਥੇ ਬਿਜਲੀ ਦੀ ਜ਼ਿਆਦਾ ਲੋੜ ਹੈ। ਇਸ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਸਪਲਾਈ ਚਾਲੂ ਕੀਤੀ ਜਾਵੇ। ਇਸ ਤੋਂ ਬਾਅਦ ਖੇਤਰਾਂ ਵਿੱਚ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ।
ਦੱਸ ਦੇਈਏ ਕਿ ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮਾਂ ਨੇ ਬੀਤੀ 21 ਤਰੀਕ ਦੀ ਰਾਤ 11 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਸੀ। ਉਦੋਂ ਤੋਂ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਸੀ। ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਹੜਤਾਲ ਨਾਲ ਨਜਿੱਠਣ ਲਈ 400 ਦੇ ਕਰੀਬ ਲੋਕਾਂ ਨੂੰ ਬੁਲਾਇਆ ਸੀ ਤਾਂ ਜੋ ਬਿਜਲੀ ਸਪਲਾਈ ਚਾਲੂ ਰੱਖੀ ਜਾ ਸਕੇ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਸਨ ਪਰ ਪ੍ਰਸ਼ਾਸਨ ਦੇ ਇਹ ਪ੍ਰਬੰਧ ਨਾਕਾਫੀ ਸਾਬਤ ਹੋਏ।
ਇਹ ਵੀ ਪੜੋ:ਯੂਕਰੇਨ ਤੋਂ ਦਿੱਲੀ ਪਹੁੰਚੇ ਭਾਰਤੀ ਵਿਦਿਆਰਥੀ, ਕਿਹਾ- "ਅਸੀਂ ਦੂਤਾਵਾਸ ਦੀ ਸਲਾਹ 'ਤੇ ਅਮਲ ਕੀਤਾ"
ਸ਼ਹਿਰ ਦੇ ਹਾਲਾਤ ਨੂੰ ਦੇਖਦੇ ਹੋਏ ਹਾਈਕੋਰਟ ਨੇ ਚੀਫ ਇੰਜੀਨੀਅਰ ਨੂੰ ਵੀ ਤਲਬ ਕੀਤਾ ਸੀ। ਮੰਗਲਵਾਰ ਦੇਰ ਰਾਤ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸ਼ਹਿਰ ਵਿੱਚ ਐਸਮਾ ਲਾਗੂ ਕਰ ਦਿੱਤਾ। ਇਸ ਤਹਿਤ 6 ਮਹੀਨਿਆਂ ਤੱਕ ਕੋਈ ਵੀ ਬਿਜਲੀ ਕਰਮਚਾਰੀ ਸ਼ਹਿਰ ਵਿੱਚ ਧਰਨਾ ਜਾਂ ਹੜਤਾਲ ਨਹੀਂ ਕਰ ਸਕਦਾ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਸ਼ਹਿਰ ਵਿੱਚ ਬਿਜਲੀ ਸਪਲਾਈ ਸ਼ੁਰੂ ਹੋ ਜਾਵੇਗੀ।
ਹਾਈਕੋਰਟ ਵਿੱਚ ਸੁਣਵਾਈ
ਮਾਮਲੇ ਨੂੰ ਲੈ ਕੇ ਅੱਜ ਹਾਈਕੋਰਟ ਵਿੱਚ ਸੁਣਵਾਈ ਵੀ ਹੈ। ਚੀਫ਼ ਜਸਟਿਸ ਦੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਨੂੰ ਅਦਾਲਤ ਨੇ ਤਲਬ ਕੀਤਾ ਹੈ। ਚੰਡੀਗੜ੍ਹ ਵਿੱਚ 36 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੈ।