ਚੰਡੀਗੜ੍ਹ:ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੰਦਰ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਚੰਡੀਗੜ੍ਹ ਪੁਲਿਸ ਵੱਲੋਂ ਆਖਰ ਹੁਣ 5 ਘੰਟਿਆਂ ਬਾਅਦ ਛੱਡ ਦਿੱਤਾ ਗਿਆ ਹੈ। ਥਾਣੇ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਵੜਿੰਗ ਨੇ ਦੱਸਿਆ ਕਿ ਉਨ੍ਹਾਂ ਦੇ ਖ਼ਿਲਾਫ਼ ਗੈਰ ਜਮਾਨਤੀ ਧਰਾਵਾਂ ਤਹਿਤ 353, 188 ਅਤੇ 341 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਤੋਂ ਬਾਂਡ ਭਰਵਾਇਆ ਅਤੇ ਉਸ ਤੋਂ ਬਾਅਦ ਹੁਣ ਛੱਡਿਆ ਹੈ।
ਕਾਂਗਰਸ ਨੇ ਸੀਐਮ ਦੇ ਪ੍ਰੋਗਰਾਮਾਂ ਦਾ ਕੀਤਾ ਬਾਈਕਾਟ: ਪੁਲਿਸ ਵੱਲੋਂ ਛੱਡੇ ਜਾਣ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸੇ ਪ੍ਰੋਗਰਾਮ ਵਿੱਚ ਉਹ ਨਹੀਂ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤੀ ਤਹਿਤ ਉਨ੍ਹਾਂ ਦੀ ਪਾਰਟੀ ਦੇ ਲੀਡਰਾਂ ਖਿਲਾਫ ਕੁਝ ਕੀਤਾ ਗਿਆ ਤਾਂ ਉਹ ਨਾਲ ਉਨ੍ਹਾਂ ਨਾਲ ਡਟ ਕੇ ਖੜਨਗੇ। ਇਸਦੇ ਨਾਲ ਹੀ ਵੜਿੰਗ ਨੇ ਮੁੜ ਸੀਐਮ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਉਸਦੀ ਨਿੰਦਾ ਕੀਤੀ ਹੈ।
'ਸੀਐਮ ਨੂੰ ਸੰਗਰੂਰ ਚੋਣ ਦਾ ਸਤਾ ਰਿਹਾ ਡਰ': ਇਸਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਸਿੱਧੂ ਮੂਸੇਵਾਲਾ ਮਾਮਲੇ ਤੋਂ ਬਾਅਦ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਦਾ ਡਰ ਸਤਾ ਰਿਹਾ ਹੈ ਕਿਉਂਕਿ ਸਰਕਾਰ ਦੀ ਇਸ ਮਾਮਲੇ ਵਿੱਚ ਬਹੁਤ ਜਿਆਦਾ ਕਿਰਕਿਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸੇ ਡਰ ਦੇ ਚੱਲਦੇ ਉਨ੍ਹਾਂ ਖਿਲਾਫ ਪੁਲਿਸ ਕਾਰਵਾਈ ਗਈ ਹੈ ਤਾਂ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜ ਕੇ ਚੋਣ ਜਿੱਤੀ ਜਾ ਸਕੇ।
ਵੜਿੰਗ ਦਾ ਦਾਅਵਾ: ਵੜਿੰਗ ਨੇ ਦਾਅਵਾ ਕੀਤਾ ਕਿ ਉਹ ਭਾਵੇਂ ਮਰ ਵੀ ਜਾਣ ਪਰ ਉਹ ਸੀਐਮ ਭਗਵੰਤ ਮਾਨ ਨੂੰ ਨਹੀਂ ਮਿਲਣਗੇ ਜੋ ਇੰਨ੍ਹਾਂ ਨੇ ਹਰਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਕਿਸੇ ਅਪਰਾਧੀ ਨਾਲ ਵੀ ਨਹੀਂ ਕੀਤਾ ਜਾਂਦਾ। ਇਸਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਜੋ ਉਨ੍ਹਾਂ ਨੇ ਟਵੀਟ ਕਰਕੇ ਇਲਜ਼ਾਮ ਲਗਾਏ ਹਨ ਇਸ ਖਿਲਾਫ ਉਹ ਕੋਰਟ ਵਿੱਚ ਵੀ ਜਾਣਗੇ। ਇਸ ਦੌਰਾਨ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਉਹ ਮੁੱਖ ਮੰਤਰੀ ਨੂੰ ਵੀ ਮਿਲੇ ਹੀ ਨਹੀਂ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਡਰਾਮਾ ਰਚਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਵਿੱਤ ਮੰਤਰੀ ’ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਇਸ ਮੌਕੇ ਵੜਿੰਗ ਨੇ ਕਿਹਾ ਕਿ ਜੋ ਕੋਈ ਸਾਡਾ ਲੀਡਰ ਗੁਣੇਗਾਰ ਪਾਇਆ ਜਾਂਦਾ ਹੈ ਤਾਂ ਉਹ ਸਰਕਾਰ ਨੇ ਖੜਨਗੇ।
ਪ੍ਰਤਾਪ ਬਾਜਵਾ ਨੇ ਸੀਐਮ ਖਿਲਾਫ ਕੱਢੀ ਭੜਾਸ: ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਮੁਲਾਕਾਤ ਦਾ ਸਮਾਂ ਲਿਆ ਗਿਆ ਸੀ ਪਰ ਅਸੀਂ ਜਦੋਂ ਉੱਥੇ ਗਏ ਤਾਂ ਸਾਡੇ ਨਾਲ ਸੀਐਮ ਵੱਲੋਂ ਮੁਲਾਕਾਤ ਨਹੀਂ ਕੀਤੀ ਗਈ। ਬਾਜਵਾ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਜਲੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਲੀਡਰ ਹਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਹਨ ਅਤੇ ਹੋਰ ਵੱਡੀ ਲੀਡਰਸ਼ਿੱਪ ਮੌਜੂਦ ਹੈ ਪਰ ਫਿਰ ਵੀ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ।