ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੀਤੇ ਦਿਨ ਸ਼ੁਕਰਵਾਰ ਨੂੰ ਤਾਜਪੋਸ਼ੀ ਹੋਈ ਅਤੇ ਆਪਣਾ ਅਹੁਦਾ ਸਾਂਭਿਆ। ਇਸਦੇ ਚੱਲਦੇ ਚੰਡੀਗੜ੍ਹ ਦੇ ਸੈਕਟਰ 15 ’ਚ ਪੰਜਾਬ ਕਾਂਗਰਸ ਦੇ ਭਵਨ ਚ ਸਮਾਰੋਹ ਵੀ ਹੋਇਆ। ਪਰ ਇਹ ਸਮਾਰੋਹ ਹੁਣ ਵਿਵਾਦਾਂ ’ਚ ਆ ਗਿਆ ਹੈ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਚੰਡੀਗੜ੍ਹ ਨਗਰ ਨਿਗਮ ’ਤੇ 29 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਦਰਅਸਲ ਰਾਜਾ ਵਰਿੰੜ ਦੀ ਤਾਜਪੋਸ਼ੀ ਦੇ ਲਈ ਚੰਡੀਗੜ੍ਹ ਨਗਰ ਨਿਗਮ ਦੀ ਇਜਾਜ਼ਤ ਤੋਂ ਬਿਨਾਂ ਪੋਸਟਰ ਅਤੇ ਬੈਨਰ ਲਗਾਏ ਗਏ ਸੀ। ਜਿਸ ਦੇ ਕਾਰਨ ਨਗਰ ਨਿਗਮ ਨੇ ਬਿਨ੍ਹਾਂ ਇਜਾਜ਼ਤ ਪੋਸਟਰ ਅਤੇ ਬੈਨਰ ਦੇ ਲਗਾਏ ਜਾਣ ਕਾਰਨ ਇਹ ਜ਼ੁਰਮਾਨਾ ਲਗਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਨਗਰ ਨਿਗਮ ਨੇ ਕਮਿਸ਼ਨ ਦੇ ਆਦੇਸ਼ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਨਾਂ ’ਤੇ 29 ਹਜ਼ਾਰ 390 ਰੁਪਏ ਦੇ ਜ਼ੁਰਮਾਨਾ ਦੇ ਚਾਲਾਨ ਕੱਟ ਕੇ ਨੋਟਿਸ ਭੇਜਿਆ ਗਿਆ ਹੈ। ਨਿਗਮ ਨੇ ਜੁਰਮਾਨੇ ਦੀ ਰਾਸ਼ੀ ਨੂੰ 10 ਦਿਨ ਦੇ ਅੰਦਰ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਇਸ ਪ੍ਰੋਗਰਾਮ ਦੇ ਲਈ ਸੜਕ ਦੇ ਵਿਚਾਲੇ ਅਤੇ ਦੋ ਚੌਰਾਹਾਂ ਤੇ ਕਾਂਗਰਸ ਦੇ ਪੋਸਟਰ ਅਤੇ ਬੈਨਰ ਲਗਾਏ ਗਏ ਸੀ। ਸਵੇਰ ਹੀ ਇਲਸਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨ ਨੂੰ ਕਿਸੇ ਨੇ ਮੋਬਾਇਲ ਫੋਨ ’ਤੇ ਦਿੱਤੀ ਸੀ। ਜਿਸ ਤੋਂ ਬਾਅਦ ਇਨ੍ਹਾਂ ਪੋਸਟਰਾਂ ਅਤੇ ਬੈਨਰ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜਬਤ ਕੀਤਾ ਗਿਆ। ਦੱਸ ਦਈਏ ਕਿ ਚੰਡੀਗੜ੍ਹ ਚ ਵਿਗਿਆਪਨ ਕੰਟਰੋਲ ਐਕਟ ਦੇ ਤਹਿਤ ਇਸ ਤਰ੍ਹਾਂ ਦੇ ਪੋਸਟਰ ਅਤੇ ਬੈਨਰ ਲਗਾਉਣ ਦੀ ਮਨਜ਼ੂਰੀ ਨਹੀਂ ਹੈ।
ਇਹ ਵੀ ਪੜੋ:ਚੰਡੀਗੜ੍ਹ ਪੁਲਿਸ ਨੇ ਜ਼ਾਅਲੀ ਸਬ ਇੰਸਪੈਕਟਰ ਤੇ ਮਹਿਲਾ ਕਾਂਸਟੇਬਲ ਨੂੰ ਕੀਤਾ ਕਾਬੂ