ਚੰਡੀਗੜ੍ਹ: ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ (Chandigarh International airport) ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਹਰਿਆਣਾ ਅਤੇ ਪੰਜਾਬ ਸਰਕਾਰਾਂ ਵਿਚਾਲੇ ਆਪਸੀ ਸਮਝੌਤਾ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਅਤੇ ਇਸ ਦਾ ਨਾਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ (Shaheed Bhagat Singh International Airport) ਰੱਖਣ ਲਈ ਸਹਿਮਤੀ ਪ੍ਰਗਟਾਈ।
ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ, "ਚੰਡੀਗੜ੍ਹ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ‘ਤੇ ਰੱਖਣ ਲਈ ਪੰਜਾਬ-ਹਰਿਆਣਾ ਦੀ ਬਣੀ ਸਹਿਮਤੀ…ਅੱਜ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ਼੍ਰੀ ਦੁਸ਼ੰਤ ਚੌਟਾਲਾ ਨਾਲ ਹੋਈ ਮੀਟਿੰਗ…" ਇਸ ਸਬੰਧੀ ਜਲਦੀ ਹੀ ਕੇਂਦਰ ਸਰਕਾਰ ਨੂੰ ਪੱਤਰ ਭੇਜ ਦਿੱਤਾ ਜਾਵੇਗਾ।
ਹਰਿਆਣੇ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਮਹਾਨ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ ਅਤੇ ਪੰਜਾਬ ਅਤੇ ਹਰਿਆਣਾ ਦੋਵੇਂ ਸਰਕਾਰਾਂ ਇਸ 'ਤੇ ਸਹਿਮਤ ਹੋ ਗਈਆਂ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਨਿਰਮਾਣ ਅਤੇ ਆਧੁਨਿਕੀਕਰਨ ਵਿੱਚ ਹਰਿਆਣਾ ਸਰਕਾਰ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਯੋਗਦਾਨ ਹੈ। ਵਿਸਤਾਰ ਤੋਂ ਬਾਅਦ, ਇਹ ਹਵਾਈ ਅੱਡਾ ਖੇਤਰ ਦੇ ਵਿਕਾਸ ਅਤੇ ਉਦਯੋਗੀਕਰਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਿਰਮਾਣ ਵਿੱਚ ਹਰਿਆਣਾ ਦਾ ਵੀ ਬਰਾਬਰ ਦਾ ਹਿੱਸਾ ਹੈ, ਇਸ ਲਈ ਪੰਚਕੂਲਾ ਸ਼ਹਿਰ ਦਾ ਨਾਂ ਵੀ ਇਸ ਦੇ ਨਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਹਰਿਆਣਾ ਦੀ ਤਰਫੋਂ ਪੰਜਾਬ ਸਰਕਾਰ ਨੂੰ ਸਿਫਾਰਸ਼ ਭੇਜ ਦਿੱਤੀ ਹੈ ਅਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਹਵਾਈ ਅੱਡਾ ਉੱਤਰੀ ਭਾਰਤ ਦਾ ਇੱਕ ਵੱਡਾ ਹਵਾਈ ਅੱਡਾ ਹੋਵੇਗਾ ਅਤੇ ਇਹ ਉੱਤਰੀ ਭਾਰਤ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਤਰੱਕੀ ਦਾ ਗਵਾਹ ਬਣੇਗਾ। ਇਸ ਲਈ ਇਸ ਦੇ ਨਾਮਕਰਨ ਨਾਲ ਸਬੰਧਤ ਸਾਰੇ ਮਤਭੇਦ ਜਲਦੀ ਖ਼ਤਮ ਕੀਤੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ