ਚੰਡੀਗੜ੍ਹ: ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਦੁੱਧ, ਸਬਜ਼ੀਆਂ ਤੇ ਹੋਰ ਰੋਜ਼ਾਨਾਂ ਦੀਆਂ ਚੀਜ਼ਾਂ ਖ਼ਰੀਦਣ ਸਬੰਧੀ ਕਾਫ਼ੀ ਮੁਸ਼ਕਿਲ ਆ ਰਹੀ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ।
ਦੱਸ ਦਈਏ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਜ਼ਰੂਰਤਮੰਦ ਚੀਜ਼ਾਂ ਖ਼ਰੀਦਣ ਸਬੰਧੀ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਆਪਣੇ ਸੈਕਟਰ ਦੀਆਂ ਦੁਕਾਨਾਂ ਤੋਂ ਜ਼ਰੂਰੀ ਚੀਜ਼ਾਂ ਖ਼ਰੀਦਣ ਸਬੰਧੀ ਵੀ ਆਗਿਆ ਮਿਲੀ ਹੈ। ਉੱਥੇ ਹੀ ਇਸ ਦੌਰਾਨ ਜ਼ਿਆਦਾ ਇਕੱਠ ਕਰਨ ਦੀ ਆਗਿਆ ਨਹੀਂ ਹੈ ਤੇ ਲੋਕਾਂ ਨੂੰ ਪੈਦਲ ਹੀ ਦੁਕਾਨਾਂ ਵਿੱਚ ਸਾਮਾਨ ਖ਼ਰੀਦਣ ਲਈ ਆਉਣ ਲਈ ਕਿਹਾ ਗਿਆ।