ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਨੇ ਕਰਫ਼ਿਊ ਲਗਾਇਆ ਹੋਇਆ ਹੈ ਜਿਸ ਦੇ ਚੱਲਦਿਆਂ ਲੋਕਾਂ ਨੂੰ ਦੁੱਧ, ਸਬਜ਼ੀਆਂ ਤੇ ਹੋਰ ਰੋਜ਼ਾਨਾਂ ਦੀਆਂ ਜ਼ਰੂਰੀ ਵਸਤਾਂ ਖ਼ਰੀਦਣ ਸਬੰਧੀ ਕਾਫ਼ੀ ਮੁਸ਼ਕਿਲ ਆ ਰਹੀ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇੱਕ ਅਹਿਮ ਫ਼ੈਸਲਾ ਲਿਆ। ਫੈਸਲੇ ਮੁਤਾਬਕ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਇਸ ਢਿੱਲ ਤੋਂ ਬਾਅਦ ਚੰਡੀਗੜ੍ਹ ਦੇ ਬਜ਼ਾਰਾਂ ਵਿੱਚ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ। ਲੋਕ ਜ਼ਰੂਰਤ ਦਾ ਸਮਾਨ ਲੈਣ ਲਈ ਬਜ਼ਾਰ ਵਿੱਚ ਆ ਰਹੇ ਹਨ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਲੋਕਾਂ ਦੀ ਭੀੜ ਨਾ ਹੋਵੇ ਅਤੇ ਕਈ ਅਧਿਕਾਰੀ ਉਥੇ ਨਿਗਰਾਨੀ ਲਈ ਪਹੁੰਚੇ ਹੋਏ ਹਨ ਤਾਂ ਜੋ ਸਮਾਜਿਕ ਦੂਰੀ ਦੀ ਉਲੰਘਣ ਨਾ ਹੋ ਸਕੇ।
ਦੁਕਾਨਾਂ ਦੇ ਬਾਹਰ ਗ੍ਰਾਹਕਾਂ ਵੱਲੋਂ ਲਾਈਨਾ ਬਣਾ ਕੇ ਸਮਾਨ ਖਰੀਦਿਆ ਜਾ ਰਿਹਾ ਹੈ ਅਤੇ ਦੁਕਾਨਦਾਰਾਂ ਦਾ ਵੀ ਗ੍ਰਾਹਕਾਂ ਨੂੰ ਇਹ ਹੀ ਕਹਿਣਾ ਹੈ ਕਿ ਜ਼ਰੂਰਤ ਦਾ ਸਮਾਨ ਹੀ ਖਰੀਦਣ ਤਾਂ ਜੋ ਸਾਰਿਆਂ ਨੂੰ ਸਮਾਨ ਮਿਲ ਸਕੇ।