ਚੰਡੀਗੜ੍ਹ: ਪੰਜਾਬ ਵਿੱਚ 117 ਹਲਕੇ ਹਨ। ਨਵੀਂ ਵਿਧਾਨ ਸਭਾ ਲਈ ਐਤਵਾਰ 20 ਫਰਵਰੀ (voting on 20 feb) ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤੱਕ ਵੋਟਿੰਗ ਹੋਣੀ ਹੈ। ਚੋਣ ਕਮਿਸ਼ਨ ਵੱਲੋਂ ਪ੍ਰਸ਼ਾਸਕੀ ਤੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕੁਲ 2149908 ਵੋਟਰ, ਜਿਨ੍ਹਾਂ ਵਿੱਚ 11298081 ਮਹਿਲਾਵਾਂ ਹਨ, 1304 ਉਮੀਦਵਾਰਾਂ ਦਾ ਫੈਸਲਾ ਕਰਨਗੇ। 117 ਵਿਧਾਨ ਸਭਾ ਹਲਕਿਆਂ ਵਿੱਚ 83 ਜਨਰਲ ਤੇ 34 ਰਾਖਵੇਂ ਹਲਕੇ ਹਨ। ਖੇਤਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਭ ਤੋਂ ਵੱਧ 69 ਸੀਟਾਂ ਮਾਲਵੇ ਵਿੱਚ ਹਨ। ਜਿਨ੍ਹਾਂ ਵਿੱਚੋਂ 50 ਜਨਰਲ ਤੇ 19 ਰਾਖਵੀਆਂ ਹਨ। ਇਸੇ ਤਰ੍ਹਾਂ ਮਾਝੇ ਦੀਆਂ 25 ਸੀਟਾਂ ਵਿੱਚੋਂ 7 ਰਾਖਵੀਆਂ ਤੇ ਦੋਆਬੇ ਦੀਆਂ 23 ਵਿੱਚੋਂ 8 ਸੀਟਾਂ ਰਾਖਵੀਆਂ ਹਨ। ਇਸ ਵਾਰ 1304 ਉਮੀਦਵਾਰ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਵਿੱਚ ਮਾਲਵੇ ਵਿੱਚ 827, ਦੋਆਬੇ ਵਿੱਚ 220 ਤੇ ਮਾਝੇ ਵਿੱਚ 257 ਉਮੀਦਵਾਰ ਚੋਣ ਲੜ ਰਹੇ ਹਨ।
ਸਰਕਾਰ ਲਈ ਚਾਹੀਦੇ 59 ਵਿਧਾਇਕ
ਪੰਜਾਬ ਵਿੱਚ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ 59 ਵਿਧਾਇਕਾਂ ਦੀ ਲੋੜ (59 mlas required for forming govt)ਹੈ। 2017 ਵਿੱਚ ਕਾਂਗਰਸ ਨੇ 77 ਸੀਟਾਂ ਹਾਸਲ ਕਰਕੇ ਸਰਕਾਰ ਬਣਾਈ ਸੀ। 20 ਸੀਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੂਜੇ ਨੰਬਰ ’ਤੇ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਰਹੀ ਸੀ ਤੇ ਅਕਾਲੀ ਦਲ-ਭਾਜਪਾ ਗਠਜੋੜ 19 ਸੀਟਾਂ ਹਾਸਲ ਕਰ ਸਕਿਆ ਸੀ। ਖੇਤਰ ਵਾਰ ਸਥਿਤੀ ਹੇਠ ਲਿਖੇ ਅਨੁਸਾਰ ਰਹੀ ਸੀ।
ਮਾਲਵਾ:ਖੇਤਰ ਦੀਆਂ ਕੁਲ 69 ਸੀਟਾਂ ਵਿੱਚੋਂ ਕਾਂਗਰਸ ਨੇ 40, ਆਮ ਆਦਮੀ ਪਾਰਟੀ ਨੇ 18, ਸ਼੍ਰੋਮਣੀ ਅਕਾਲੀ ਦਲ ਗਠਜੋੜ ਨੇ 8 ਤੇ ਹੋਰਾਂ ਨੇ 3 ਸੀਟਾਂ ਹਾਸਲ ਕੀਤੀਆਂ ਸੀ। ਇਸ ਵਾਰ ਬਠਿੰਡਾ ਸ਼ਹਿਰੀ, ਪਟਿਆਲਾ, ਚਮਕੌਰ ਸਾਹਿਬ, ਧੂਰੀ, ਭਦੌੜ, ਜਲਾਲਾਬਾਦ, ਸਮਰਾਲਾ, ਅਮਰਗੜ੍ਹ, ਪਾਇਲ, ਲੰਬੀ, ਸੰਗਰੂਰ ਤੇ ਮੁਹਾਲੀ ਮੁੱਖ ਸੀਟਾਂ ਹਨ, ਜਿੱਥੇ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਣਗੇ। ਬਠਿੰਡਾ ਸ਼ਹਿਰੀ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਨ ਤੇ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ, ਜਦੋਂਕਿ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਧੂਰੀ ਤੋਂ ਭਗਵੰਤ ਮਾਨ ਤੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸਮਰਾਲਾ ਤੋਂ ਬਲਬੀਰ ਸਿੰਘ ਰਾਜੇਵਾਲ ਤੇ ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਹਨ। ਇਸੇ ਤਰ੍ਹਆਂ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 10ਵੀਂ ਵਾਰ ਮੈਦਾਨ ਵਿੱਚ ਹਨ ਤੇ ਪਾਇਲ ਦਾ ਮੁਕਾਬਲਾ ਕਈ ਪੱਖਾਂ ਕਾਰਨ ਦਿਲਚਸਪ ਬਣਿਆ ਹੋਇਆ ਹੈ, ਜਦੋਂਕਿ ਸੰਗਰੂਰ ਤੋਂ ਵਿਜੈ ਇੰਦਰ ਸਿੰਗਲਾ ਤੇ ਮੁਹਾਲੀ ਤੋਂ ਸਾਰਿਆਂ ਨਾਲੋਂ ਵੱਧ ਅਮੀਰ ਉਮੀਦਵਾਰ ਕੁਲਵੰਤ ਸਿੰਘ ਚੋਣ ਲੜ ਰਹੇ ਹਨ।
ਮਾਝਾ:ਮਾਝੇ ਵਿੱਚ ਕੁਲ 25 ਸੀਟਾਂ ਹਨ। ਇਨ੍ਹਾਂ ਵਿੱਚੋਂ 22 ਕਾਂਗਰਸ ਨੇ, ਦੋ ਅਕਾਲੀ ਗਠਜੋੜ ਨੇ ਤੇ ਇੱਕ ਸੀਟ ਹੋਰ ਨੂੰ ਮਿਲੀ ਸੀ ਜਦੋਂਕਿ ਆਮ ਆਦਮੀ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਮਿਲੀ ਸੀ। ਪੰਜਾਬ ਦੀ ਅਹਿਮ ਤੇ ਲਗਭਗ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਪੂਰਵੀ ਹੈ। ਇਥੋਂ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੁਣੌਤੀ ਪ੍ਰਵਾਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਚੋਣ ਲੜਨ ਜਾ ਪੁੱਜੇ ਹਨ ਜਦੋਂਕਿ ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੈਦਾਨ ਵਿੱਚ ਹਨ ਤੇ ਭੁਲੱਥ ਤੋਂ ਸੁਖਪਾਲ ਖਹਿਰਾ ਤੇ ਬੀਬੀ ਜਗੀਰ ਕੌਰ ਆਮੋ ਸਾਹਮਣੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਉੱਤਰੀ ਤੋਂ ਬੇਅਦਬੀ ਕੇਸ ਦੀ ਜਾਂਚ ਕਰਨ ਵਾਲੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਚੋਣ ਲੜ ਰਹੇ ਹਨ, ਜਦੋਂਕਿ ਪਠਾਨਕੋਟ ਤੋਂ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਚੋਣ ਲੜ ਰਹੇ ਹਨ।
ਦੋਆਬਾ:ਇਸ ਖੇਤਰ ਦੀਆਂ 23 ਸੀਟਾਂ ਵਿੱਚੋਂ 15 ਕਾਂਗਰਸ ਨੇ ਜਿੱਤੀਆਂ ਸੀ, ਜਦੋਂਕਿ 5 ਸੀਟਾਂ ਅਕਾਲੀ ਗਠਜੋੜ ਨੇ ਹਾਸਲ ਕੀਤੀਆਂ ਸੀ ਤੇ ਆਮ ਆਦਮੀ ਪਾਰਟੀ ਨੇ ਦੋ ਸੀਟਾਂ ’ਤੇ ਕਬਜਾ ਕੀਤਾ ਸੀ। ਦੋਆਬਾ ਵਿੱਚ ਫਗਵਾੜਾ ਤੇ ਨਵਾਂਸ਼ਹਿਰ ਸੀਟ ਅਹਿਮ ਹੈ। ਫਗਵਾੜਾ ਵਿੱਚ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਭਾਜਪਾ ਦੇ ਦਿੱਗਜ ਆਗੂ ਵਿਜੈ ਸਾਂਪਲਾ ਤੋਂ ਇਲਾਵਾ ਕਾਂਗਰਸ ਦੇ ਬਾਗੀ ਜੋਗਿੰਦਰ ਸਿੰਘ ਮਾਨ ਚੋਣ ਲੜ ਰਹੇ ਹਨ। ਦੂਜੇ ਪਾਸੇ ਨਵਾਂਸ਼ਹਿਰ ਤੋਂ ਅੰਗਦ ਸਿੰਘ ਨੇ ਕਾਂਗਰਸ ਤੋਂ ਬਾਗੀ ਹੋ ਕੇ ਤਾਲ ਠੋਕੀ ਹੈ, ਉਹ ਅਮੀਰ ਉਮੀਦਵਾਰ ਹਨ।
ਪੰਜਾਬ ਦੇ ਰਾਜਸੀ ਸਮੀਕਰਣ
ਇਸ ਵਾਰ ਸਮੀਕਰਣ ਬਦਲੇ ਹੋਏ ਹਨ ਤੇ ਪੰਜਾਬ ਵਿੱਚ ਪਹਿਲੀ ਵਾਰ ਬਹੁਕੋਣਾ ਚੋਣ ਮੁਕਾਬਲਾ ਵੇਖਣ ਨੂੰ ਮਿਲੇਗਾ, ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਤ੍ਰਿਕੋਣਾ ਹੋ ਚੁੱਕਿਆ ਹੈ। ਵੱਡੇ ਬਹੁਮਤ ਨਾਲ 2017 ਵਿੱਚ ਸਰਕਾਰ ਬਣਾਉਣ ਵਾਲੀ ਕਾਂਗਰਸ ਪਾਰਟੀ ਵਿੱਚ ਪਿਛਲੇ ਇੱਕ ਸਾਲ ਤੋਂ ਵੱਡੀ ਹਿਲਜੁਲ ਚੱਲਦੀ ਆਈ ਤੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਚੋਣ ਲੜੀ ਜਾ ਰਹੀ ਹੈ।
2017 ਵਿੱਚ 20 ਸੀਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਪਹਿਲਾਂ ਵਾਲੇ ਅੱਧੇ ਵਿਧਾਇਕ ਨਾਲ ਨਹੀਂ ਹਨ ਤੇ ਪਾਰਟੀ ਜਿਆਦਾਤਰ ਨਵੇਂ ਚਿਹਰਿਆਂ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਇਸ ਵਾਰ ਆਮ ਆਦਮੀ ਪਾਰਟੀ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਦੇ ਨਾਲ ਚੋਣ ਲੜ ਰਹੀ ਹੈ। ਕਿਸਾਨ ਅੰਦੋਲਨ, ਬੇਅਦਬੀ ਤੇ ਨਸ਼ਿਆਂ ਦੇ ਮੁੱਦਿਆਂ ਕਾਰਨ ਬੈਕਫੁੱਟ ’ਤੇ ਗਿਆ ਸ਼੍ਰੋਮਣੀ ਅਕਾਲੀ ਦਲ ਮਜਬੂਤੀ ਨਾਲ ਚੋਣ ਮੈਦਾਨ ਵਿੱਚ ਹੈ। ਅਕਾਲੀ ਦਲ ਨਵੇਂ ਰੂਪ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਉਤਰਿਆ ਹੈ। ਅਕਾਲੀ ਦਲ ਨਾਲ 25 ਸਾਲ ਤੱਕ ਗਠਜੋੜ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਆਪਣੇ ਨਵੇਂ ਸਾਥੀਆਂ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰੀ ਹੈ।
ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਵੀ ਲਗਭਗ ਸਾਰੀਆਂ ਸੀਟਾਂ ’ਤੇ ਚੋਣ ਲੜ ਰਿਹਾ ਹੈ। ਅਜਿਹੇ ਵਿੱਚ ਭਾਵੇਂ ਮੁੱਖ ਮੁਕਾਬਲਾ ਤਿੰਨ ਧਿਰਾਂ ਵਿੱਚ ਦੱਸਿਆ ਜਾਂਦਾ ਰਿਹਾ ਹੈ ਪਰ ਭਾਜਪਾ ਗਠਜੋੜ ਪਿਛਲੇ ਕੁਝ ਦਿਨਾਂ ਤੋਂ ਦੋ ਵੱਡੇ ਡੇਰਿਆਂ ਤੇ ਸਿੱਖ ਆਗੂਆਂ ਦੀ ਨੇੜਤਾ ਨਾਲ ਮਜਬੂਤੀ ਨਾਲ ਵਧਿਆ ਹੈ ਤੇ ਇਹ ਗਠਜੋੜ ਤੇ ਕਿਸਾਨਾਂ ਦੀ ਪਾਰਟੀ ਕਈ ਸੀਟਾਂ ’ਤੇ ਨਤੀਜਿਆਂ ’ਤੇ ਪ੍ਰਭਾਵ ਪਾਏਗੀ। ਅਜਿਹੇ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਬਹੁਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ।