ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਉੱਤੇ ਦਿਹਾਤੀ ਵਿਕਾਸ ਫੰਡ ਦੇ 1200 ਕਰੋੜਾਂ ਰੁਪਏ ਰੋਕਣ ਦਾ ਦੋਸ਼ ਲਾਇਆ।
ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੰਡਾਂ ਦੇ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੇਂਦਰ ਨੇ ਦਿਹਾਤੀ ਵਿਕਾਸ ਫੰਡ ਦੇ ਕਰੋੜਾਂ ਰੁਪਏ ਰੋਕੇ ਹਨ, ਇਸੇ ਤਰ੍ਹਾਂ ਫੂਡ ਪਾਰਕਾਂ ਦਾ ਵੀ ਮਾਮਲਾ ਹੈ।
ਉਨ੍ਹਾਂ ਕਿਹਾ ਕਿ ਦਿਹਾਤੀ ਵਿਕਾਸ ਫੰਡ ਦਾ ਪੈਸਾ ਲੈਣ ਦੇ ਮਾਮਲੇ ਵਿਚ ਮੈਂ ਖੁਦ ਕੇਂਦਰ ਸਰਕਾਰ ਦੇ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਪਰ ਉਨ੍ਹਾਂ ਦੀ ਮੁਲਾਕਾਤ ਵਿੱਚ ਸਿਆਸੀ ਰੰਜਿਸ਼ ਦਿਖਾਈ ਦਿੱਤੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂ.ਏ.ਈ ਦੇ ਤਿੰਨ ਫੂਡ ਪਾਰਕ ਦੇਸ਼ ਨੂੰ ਮਿਲਣੇ ਸਨ ਅਤੇ ਇਹ ਦੇਸ਼ ਵਾਸਤੇ ਬਹੁਤ ਵੱਡਾ ਨਿਵੇਸ਼ ਸੀ। ਇਨ੍ਹਾਂ ਤਿੰਨ ਫੂਡ ਪਾਰਕਾਂ ਵਿੱਚੋਂ ਇੱਕ ਫੂਡ ਪਾਰਕ ਪੰਜਾਬ ਵਿੱਚ ਲਾਉਣ ਵਾਸਤੇ ਖੁਦ ਯੂ.ਏ.ਈ ਨੇ ਦਿਲਚਸਪੀ ਵਿਖਾਈ ਸੀ, ਪਰ ਜੋ ਜਾਣਕਾਰੀ ਮਿਲੀ ਹੈ ਉਹ ਇਹ ਹੈ ਕਿ ਪੰਜਾਬ ਨੂੰ ਹੁਣ ਇੱਕ ਵੀ ਫੂਡ ਪਾਰਕ ਨਹੀਂ ਦਿੱਤਾ ਗਿਆ। ਇਸ ਤਰੀਕੇ ਨਾਲ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਫੂਡ ਪਾਰਕ ਗੁਜਰਾਤ, ਦੂਜਾ ਮੱਧ-ਪ੍ਰਦੇਸ਼ ਅਤੇ ਤੀਜਾ ਮਹਾਂਰਾਸ਼ਟਰ ਨੂੰ ਦਿੱਤਾ ਗਿਆ ਹੈ।