ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸਕੂਲਾਂ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਹੁਣ 21 ਸਤੰਬਰ ਤੋਂ ਵਿਦਿਆਰਥੀ ਸਕੂਲ ਜਾ ਸਕਣਗੇ। ਸਕੂਲਾਂ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਹੀ ਜਾ ਸਕਣਗੇ ਪਰ ਇਸ ਦੇ ਲਈ ਨਿਰਦੇਸ਼ ਵੀ ਦਿੱਤੇ ਗਏ ਹਨ, ਜਿਨ੍ਹਾਂ ਦੀ ਹਰ ਹਾਲਤ ਵਿੱਚ ਸਕੂਲਾਂ ਨੂੰ ਪਾਲਣਾ ਕਰਨੀ ਹੋਵੇਗੀ।
ਕੇਂਦਰ ਸਰਕਾਰ ਵੱਲੋਂ ਸਕੂਲ ਖੋਲ੍ਹਣ ਦੇ ਲਈ ਜਾਰੀ ਨਿਰਦੇਸ਼ਾਂ ਦੇ ਮੁਤਾਬਕ ਸਕੂਲਾਂ ਨੂੰ ਹਰ ਕਲਾਸ ਦੇ ਲਈ ਵੱਖ-ਵੱਖ ਸਮਾਂ ਨਿਰਧਾਰਿਤ ਕਰਨਾ ਹੋਵੇਗਾ। ਉੱਥੇ ਹੀ ਅਧਿਆਪਕ ਵਿਦਿਆਰਥੀ ਤੇ ਸਕੂਲ ਦੇ ਸਟਾਫ ਵਿੱਚ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ। ਸਭ ਤੋਂ ਜ਼ਰੂਰੀ ਵਿਦਿਆਰਥੀਆਂ ਨੂੰ ਸਕੂਲ ਆਉਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਤੋਂ ਲਿਖਤੀ ਵਿੱਚ ਐਨਓਸੀ ਲੈਣੀ ਹੋਵੇਗੀ।
ਇੰਨਾ ਹੀ ਨਹੀਂ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਕਾਪੀ, ਕਿਤਾਬ, ਪੈਨਸਿਲ, ਪੈਨ, ਪਾਣੀ ਦੀ ਬੋਤਲ ਹੋਰ ਸਾਰੀਆਂ ਚੀਜ਼ਾਂ ਆਪਸ ਵਿੱਚ ਸਾਂਝੀਆਂ ਕਰਨ ਦੀ ਵੀ ਮਨਾਹੀ ਕੀਤੀ ਗਈ ਹੈ। ਵਿਦਿਆਰਥੀਆਂ ਤੇ ਹੋਰ ਸਟਾਫ਼ ਨੂੰ ਲਗਾਤਾਰ ਹੱਥ ਧੋਣ, ਫ਼ੇਸ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਸਕੂਲ ਪ੍ਰਬੰਧਨ ਧਿਆਨ ਰੱਖੇਗਾ ਕਿ ਵਿਦਿਆਰਥੀ ਜਾਂ ਕੋਈ ਹੋਰ ਸਟਾਫ਼ ਦਾ ਬੰਦਾ ਇਧਰ ਉਧਰ ਨਾ ਥੁੱਕੇ।
ਸਕੂਲਾਂ ਦੇ ਵਿੱਚ ਸਵੇਰ ਦੀ ਪ੍ਰਾਰਥਨਾ ਵੀ ਨਹੀਂ ਕੀਤੀ ਜਾਵੇਗੀ, ਸਕੂਲ ਪ੍ਰਬੰਧਾਂ ਨੂੰ ਆਪਣੇ ਕੋਲ ਥਰਮਲ ਸਕੈਨਰ ਅਤੇ ਔਕਸੀਮੀਟਰ ਦੀ ਵਿਵਸਥਾ ਕਰਨੀ ਹੋਵੇਗੀ।
ਸਕੂਲ ਵਿੱਚ ਐਂਟਰੀ ਤੋਂ ਪਹਿਲਾਂ ਪੂਰੇ ਸਟਾਫ਼ ਅਤੇ ਵਿਦਿਆਰਥੀਆਂ ਦੀ ਥਰਮਲ ਸਕੈਨਿੰਗ ਤੇ ਆਕਸੀਜਨ ਲੈਵਲ ਮਾਪਣ ਦੀ ਵਿਵਸਥਾ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਹੱਥ ਸੈਨੇਟਾਈਜ਼ਰ ਕਰਵਾਉਣੇ ਹੋਣਗੇ। ਅਧਿਆਪਕਾਂ ਨੂੰ ਹੋਰ ਕਰਮਚਾਰੀਆਂ ਨੂੰ ਫੇਸ ਮਾਸਕ ਦੇ ਹੈਂਡ ਸੈਨੀਟਾਈਜ਼ਰ ਸਕੂਲ ਵੱਲੋਂ ਹੀ ਉਪਲੱਬਧ ਕਰਵਾਇਆ ਜਾਵੇਗਾ। ਸਫ਼ਾਈ ਕਰਮੀਆਂ ਨੂੰ ਰੱਖਣ ਤੋਂ ਪਹਿਲਾਂ ਵੀ ਸੈਨੀਟੇਸ਼ਨ ਦਾ ਤਰੀਕਾ ਸਿਖਾਇਆ ਜਾਵੇਗਾ।
ਉਥੇ ਹੀ ਸਕੂਲਾਂ ਦੇ ਵਿੱਚ ਕੈਂਟੀਨ ਦੇ ਮੱਦੇਨਜ਼ਰ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੈਂਟੀਨ ਤੇ ਸਕੂਲ ਦੇ ਨੇੜੇ 50 ਮੀਟਰ ਦੇ ਦਾਇਰੇ ਵਿੱਚ ਜੰਕ ਫੂਡ ਦੀ ਵਿਕਰੀ 'ਤੇ ਰੋਕ ਲਗਾਈ ਗਈ ਹੈ। ਸਕੂਲ ਵੱਲੋਂ ਸਿਰਫ਼ 50 ਫ਼ੀਸਦ ਸਟਾਫ਼ ਹੀ ਬੁਲਾਇਆ ਜਾਵੇਗਾ।
ਸਕੂਲ ਵਿੱਚ ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਵਿਦਿਆਰਥੀ, ਅਧਿਆਪਕ ਜਾਂ ਕਰਮਚਾਰੀ ਨਹੀਂ ਬੁਲਾਏ ਜਾਣਗੇ। ਬਿਮਾਰ ਬਜ਼ੁਰਗ ਜਾਂ ਫਿਰ ਗਰਭਵਤੀ ਔਰਤਾਂ ਦੀ ਸਕੂਲ ਵਿੱਚ ਨਹੀਂ ਆ ਸਕਣਗੀਆਂ। ਥਰਮਲ ਸਕੈਨਿੰਗ ਵਿੱਚ ਪੌਜ਼ੀਟਿਵ ਹੋਣ ਦੇ ਸ਼ੱਕ 'ਤੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ।
ਉੱਥੇ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਵਿੱਚ 6 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਗਏ ਹਨ ਤੇ 200 ਤੋਂ ਵੱਧ ਮੌਤਾਂ ਵੀ ਹੋ ਚੁੱਕੀਆਂ ਹਨ। ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਕੰਟੇਨਮੈਂਟ ਜ਼ੋਨਾਂ ਵੱਧ ਗਈਆਂ ਹਨ ਜਦਕਿ ਚੰਡੀਗੜ੍ਹ ਇੱਕ ਛੋਟਾ ਜਾਂ ਏਰੀਆ ਹੈ ਜਿੱਥੇ ਹੁਣ ਕੈਬਿਨੇਟ ਟਰਾਂਸਮਿਸ਼ਨ ਵੀ ਜ਼ਿਆਦਾ ਹੋਈ ਪਈ ਹੈ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਦੀ ਹਦਾਇਤਾਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਸਕੂਲ ਕਦੋਂ ਤੱਕ ਖੋਲ੍ਹਦਾ ਹੈ।