ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੀ ਰਿਹਾਇਸ਼ ਵਿਖੇ ਛਾਪੇਮਾਰੀ ਕੀਤੀ ਗਈ। ਈਡੀ ਵੱਲੋਂ ਇਹ ਛਾਪੇਮਾਰੀ ਸੀਐੱਮ ਚੰਨੀ ਦੇ ਕਰੀਬੀਆਂ (ED raids Punjab CM Charanjit Singh Channi's relative) ਦੀ ਰਿਹਾਇਸ਼ ਸਣੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਈਡੀ ਨੇ ਕਰੋੜਾਂ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀਆਂ ਦੀ ਰਿਹਾਇਸ਼ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ 6 ਕਰੋੜ ਤੋਂ ਵੱਧ ਦੀ ਨਕਦੀ ਮਿਲੀ ਹੈ। ਜਾਣਕਾਰੀ ਮੁਤਾਬਿਕ ਭੁਪਿੰਦਰ ਨਾਮ ਦੇ ਸ਼ਖਸ ਕੋਲੋਂ 4 ਕਰੋੜ ਰੁਪਏ ਨਕਦੀ ਤੇ ਸ਼ੱਕੀ ਲੈਣ-ਦੇਣ ਨਾਲ ਸਬੰਧਤ ਬਹੁਤ ਸਾਰੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਦੀਪ ਕਪੂਰ ਦੀ ਰਿਹਾਇਸ਼ ਤੋਂ 2 ਕਰੋੜ ਰੁਪਏ ਬਰਾਮਦ ਹੋਏ ਹਨ। ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਮਿਲੀ ਨਕਦੀ ਤੋਂ ਬਾਅਦ ਵਿਰੋਧੀਆਂ ਵੱਲੋਂ ਕਾਂਗਰਸ ਪਾਰਟੀ ਅਤੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਜਾ ਰਿਹਾ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਅਤੇ ਸੀੱਐਮ ਚਰਨਜੀਤ ਸਿੰਘ ਚੰਨੀ ਨੂੰ ਘੇਰਦੇ ਹੋਏ ਕਿਹਾ ਕਿ ਘਰ ਘਰ ਚੱਲੀ ਗੱਲ੍ਹ ਚੰਨੀ ਕਰਦਾ ਨੋਟਾਂ ਨਾਲ ਮਸਲੇ ਹੱਲ! ਉਨ੍ਹਾਂ ਨੇ ਅੱਗੇ ਲਿਖਿਆ ਕਿ ਇਮਾਨਦਾਰੀ ਦਾ ਢੋਂਗ ਰੱਚਣ ਵਾਲੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਤੋਂ 4 ਕਰੋੜ ਦੀ ਨਕਦੀ ਮਿਲਣ ਨਾਲ ਸਾਬਿਤ ਕਰਦਾ ਹੈ ਕਿ ਪੰਜਾਬ ਚ ਪੂਰੀ ਕਾਂਗਰਸ ਸਰਕਾਰ ਮਾਫਿਆ ਦੇ ਹੱਥਾਂ ਤੋਂ ਵਿਕੀ ਹੋਈ ਹੈ।
ਦੂਜੇ ਪਾਸੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਈਡੀ ਦੀ ਛਾਪੇਮਾਰੀ ਤੇ ਕਿਹਾ ਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ ਕਿ ਪੰਜਾਬ ਚ ਰੇਤ ਮਾਈਨਿੰਗ ਮਾਫੀਆ ਅਤੇ ਕਾਂਗਰਸ ਸਰਕਾਰ ਇੱਕ ਹੀ ਥਾਲੀ ਦੇ ਚੱਟੇ ਬੱਟੇ ਹਨ। ਈਡੀ ਦੀ ਛਾਪੇਮਾਰੀ ਚ ਸਬੂਤ ਸਾਫ ਨਜਰ ਆ ਰਹੇ ਹਨ।
ਸੀਐੱਮ ਚੰਨੀ ਦਾ ਈਡੀ ਦੀ ਛਾਪੇਮਾਰੀ ’ਤੇ ਬਿਆਨ
ਇੱਕ ਪਾਸੇ ਜਿੱਥੇ ਵਿਰੋਧੀਆਂ ਵੱਲੋਂ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਤੰਤਰ ਦੇ ਲਈ ਚੰਗਾ ਨਹੀਂ ਹੈ। ਅਸੀਂ ਇਸ ਨਾਲ ਲੜਨ ਲਈ ਤਿਆਰ ਹਾਂ। ਪੱਛਮ ਬੰਗਾਲ ਦੀਆਂ ਚੋਣਾਂ ਸਮੇਂ ਵੀ ਇਹੀ ਕੁਝ ਹੋਇਆ ਸੀ।