ਪੰਜਾਬ

punjab

ETV Bharat / city

ਕੇਂਦਰ ਵਲੋਂ ਪੰਜਾਬ ਸਰਕਾਰ ਦੇ ਵਫਦ ਨੂੰ ਪਾਕਿ ਜਾਣ ਦੀ ਪ੍ਰਵਾਨਗੀ ਨਾ ਦੇਣਾ ਗੈਰ ਸਵਿਧਾਨਕ: ਚਰਨਜੀਤ ਸਿੰਘ ਚੰਨੀ

550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਹਿਬ ਸ੍ਰੀ ਅਖੰਡ ਸਾਹਿਬ ਕਰਵਾਉਣ ਤੋਂ ਰੋਕ ਕੇ ਭਾਜਪਾ ਅਤੇ ਸ੍ਰੋਮਣੀ ਅਕਾਲੀ ਦਲ ਨੇ ਨਾਨਕ ਦੇ ਸਾਂਝੀਵਾਲਤਾ ਦੇ ਸੰਦੇਸ਼ ਉਲਟ ਹੋਣ ਦਾ ਸਬੂਤ ਪੇਸ਼ ਕੀਤਾ ਹੈ।

ਫ਼ੋਟੋ।

By

Published : Oct 31, 2019, 3:25 AM IST

ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਵਫਦ ਨੂੰ ਸ੍ਰੀ ਗਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਲਈ ਰਾਜਨੀਤਕ ਪ੍ਰਵਾਨਗੀ ਨਹੀਂ ਦਿੱਤੀ ਹੈ। ਅਜਿਹੇ 'ਚ ਇਹ ਗੈਰ ਸਵਿਧਾਨਿਕ ਅਤੇ ਦੇਸ਼ ਦੇ ਸੰਘੀ ਢਾਂਚੇ ਲਈ ਵੱਡਾ ਖਤਰਾ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ `ਤੇ ਦੋਸ਼ ਲਾਉਦਿਆਂ ਕਿਹਾ ਕਿ ਦੋਵਾਂ ਦੀ ਮਿਲੀਭੁਗਤ ਕਾਰਨ ਪੰਜਾਬ ਤੋਂ ਲੋਕ ਸਭਾ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਨੂੰ ਵਿਦੇਸ਼ ਮੰਤਰਾਲੇ ਵਲੋਂ ਨਨਕਾਣਾ ਸਾਹਿਬ ਜਾ ਕੇ ਸ੍ਰੀ ਅਖੰਡ ਸਾਹਿਬ ਦਾ ਪਾਠ ਕਰਵਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।

ਚੰਨੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਭਾਜਪਾ ਅਤੇ ਅਕਾਲੀ ਦਲ ਦਾ ਪੰਥ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਵੀ ਭਾਜਪਾ ਅਤੇ ਆਰ.ਐਸ.ਐਸ ਦੇ ਬਾਕੀ ਧਰਮਾਂ ਨੂੰ ਮਨਫੀ ਕਰਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਇਹ ਦੋਵੇਂ ਸ਼ੁਰੂ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਵਿਰੋਧੀ ਹਨ ਅਤੇ ਆਨੇ ਬਹਾਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਅੜਿਕੇ ਡਾਹ ਰਹੇ ਹਨ।

ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਨਨਕਾਣਾ ਸਾਹਿਬ ਵਿਖੇ 31 ਅਕਤੂਬਰ ਤੋਂ 2 ਨਵੰਬਰ, 2019 ਤੱਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਣਾ ਸੀ। ਪਰ ਕੇਂਦਰ ਨੇ ਪੰਜਾਬ ਸਰਕਾਰ ਵਲੋਂ ਭੇਜੇ 31 ਮੈਂਬਰੀ ਡੈਲੀਗੇਸ਼ਨ ਵਿਚੋਂ ਸਿਰਫ 11 ਅਫਸਰਾਂ ਅਤੇ ਪੱਤਰਕਾਰਾਂ ਨੂੰ ਹੀ ਪਾਕਿਸਤਾਨ ਜਾਣ ਦੀ ਰਾਜਨੀਤਕ ਪ੍ਰਵਾਨਗੀ ਦਿੱਤੀ ਹੈ। -ਜਦਕਿ ਪੰਜਾਬ ਤੋਂ ਲੋਕ ਸਭਾ ਮੈਂਬਰਾਂ, ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੇਂਦਰ ਸਰਕਾਰ ਨੇ ਸ਼੍ਰੋਮਣੀ ਅਕਾਲੀ ਦੇ ਇਸ਼ਾਰੇ ਅਤੇ ਮਿਲੀਭੁਗਤ ਕਾਰਨ ਕੀਤਾ।

ਚੰਨੀ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਤੋਂ ਵੱਡਾ ਹੋਰ ਕੋਈ ਨਾਨਕ ਦੋਖੀ ਨਹੀਂ ਹੋ ਸਕਦਾ, ਜਿੰਨਾਂ ਨੇ ਸਿਰਫ ਆਪਣੇ ਸੌੜੇ ਰਾਜਸੀ ਹਿੱਤਾ ਕਾਰਨ ਪੰਜਾਬੀਆਂ ਨੂੰ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਾ ਕੇ ਅਖੰਡ ਪਾਠ ਸਾਹਿਬ ਕਰਵਾਉਣ ਤੋਂ ਰੋਕਿਆ।

ABOUT THE AUTHOR

...view details