ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੁੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਮੈਨੇਜਮੈਂਟ ਤੋਂ 16.35 ਕਰੋੜ ਰੁਪਏ ਲੈਣ ਦੇ ਭ੍ਰਿਸ਼ਟਾਚਾਰ ਦੇ ਕੇਸ ਅਤੇ ਕਾਂਗਰਸ ਸਰਕਾਰ ਵੱਲੋਂ ਕੋਲ ਵਾਸ਼ਿੰਗ ਚਾਰਜਿਜ਼ ਦਾ 2500 ਕਰੋੜ ਰੁਪਏ ਦਾ ਕੇਸ ਥਰਮਲ ਪਲਾਂਟਾਂ ਕੋਲ ਹਾਰ ਜਾਣ ਦੇ ਮਾਮਲੇ ਦੀ ਸੀ.ਬੀ.ਆਈ ਕੋਲੋਂ ਜਾਂਚ ਕਰਵਾਈ ਜਾਵੇ।
ਇਥੇ ਇੱਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸੱਚਾਈ ਤੋਂ ਹਰ ਕੋਈ ਜਾਣੂ ਹੈ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪ੍ਰਾਈਵੇਟ ਥਰਮਲਾਂ ਨਾਲ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏ) ’ਤੇ ਹਸਤਾਖਰ ਕਰਨ ਤੋਂ ਤੁਰੰਤ ਬਾਅਦ ਕਾਂਗਰਸ ਪਾਰਟੀ ਸਰਗਰਮ ਹੋ ਗਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਇਹਨਾਂ ਸਮਝੋਤਿਆਂ ਨੂੰ ਗਲਤ ਕਰਾਰ ਦਿੱਤਾ ਤੇ ਇਹਨਾਂ ਨੁੰ ਰੱਦ ਕਰਨ ਦੀ ਵੀ ਗੱਲ ਕੀਤੀ।
ਉਹਨਾਂ ਕਿਹਾ ਕਿ ਇਸੇ ਸਮੇਂ ਕਾਂਗਸਪ ਪਾਰਟੀ ਨੇ ਕੁਝ ਪ੍ਰਾਈਵੇਟ ਕੰਪਨੀਆਂ ਜਿਹਨਾਂ ’ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਗੜਬੜੀ ਕਰਨ ਦੇ ਦੋਸ਼ ਲਗਾਏ ਸਨ, ਉਨ੍ਹਾਂ ਕੋਲੋਂ ਹੀ ਪਾਰਟੀ ਫੰਡ ਲੈ ਲਏ। ਉਹਨਾਂ ਕਿਹਾ ਕਿ ਐਲ ਐਂਡ ਟੀ ਤੋਂ 8.25 ਕਰੋੜ ਰੁਪਏ, ਵੇਦਾਂਤਾ ਤੋਂ 8 ਕਰੋੜ ਅਤੇ ਜੀ.ਵੀ.ਕੇ ਤੋਂ 10 ਲੱਖ ਰੁਪਏ ਲਏ ਗਏ। ਉਹਨਾਂ ਕਿਹਾ ਕਿ ਇਹ ਕੇਸ ਸੀ.ਬੀ.ਆਈ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਅਤੇ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਪ੍ਰਾਈਵੇਟ ਕੰਪਨੀਆਂ ਨੁੰ ਬਲੈਕਮੇਲ ਕਰ ਕੇ ਕਰੋੜਾਂ ਰੁਪਏ ਉਗਰਾਹੇ ਗਏ ਹਨ।